Loading the player...

ਜਦ ਸਫਾਈ ਕਰਮਚਾਰੀਆਂ ਨੇ ਅਧਿਕਾਰੀ ਤੇ ਕੌਂਸਲਰਾਂ ਨੂੰ ਕਰ ਲਿਆ ਜਿੰਦਰੇ 'ਚ ਬੰਦ...! (ਨਿਊਜ਼ਨੰਬਰ ਖਾਸ ਖਬਰ)

Last Updated: Jul 07 2018 14:54

ਅਬੋਹਰ ਨਗਰ ਕੌਂਸਲ ਦੀ ਮਹੀਨੇਵਾਰ ਮੀਟਿੰਗ 'ਚ ਸਥਿਤੀ ਉਸ ਵੇਲੇ ਕਸੂਤੀ ਬਣ ਗਈ ਜਦ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਜਾਣ ਲਈ ਸਹਿਮਤੀ ਕੀਤੀ ਗਈ, ਜਿਸ ਤੋਂ ਬਾਅਦ ਆਪਣੀ ਤਨਖਾਹ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਸਫਾਈ ਕਰਮਚਾਰੀਆਂ ਨੇ ਰੋਲਾ ਪਾ ਲਿਆ ਅਤੇ ਰੋਸ ਵਜੋਂ ਕੌਂਸਲ ਦੇ ਮੁੱਖ ਗੇਟ ਨੂੰ ਜਿੰਦਰਾ ਜੜ ਦਿੱਤਾ। ਸਫਾਈ ਕਰਮਚਾਰੀ ਇਸ ਗੱਲ 'ਤੇ ਅੜ ਗਏ ਕਿ ਪਹਿਲਾਂ ਉਨ੍ਹਾਂ ਦੀਆਂ ਚਾਰ ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾਵੇ ਉਸ ਤੋਂ ਬਾਅਦ ਹੀ ਜਿੰਦਰਾ ਖੋਲਿਆ ਜਾਵੇਗਾ। ਅਜਿਹੇ ਹਾਲਾਤ ਪੈਦਾ ਹੋਣ 'ਤੇ ਨਾ ਹੀ ਕੋਈ ਵਿਅਕਤੀ ਕੌਂਸਲ 'ਚ ਦਾਖਿਲ ਹੋ ਸਕਿਆ ਅਤੇ ਨਾ ਹੀ ਕੋਈ ਬਾਹਰ ਜਾ ਸਕਿਆ। ਕਈ ਘੰਟਿਆਂ ਤੱਕ ਚਲੇ ਇਸ ਰੋਲੇ-ਰੱਪੇ ਤੋ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਸਫਾਈ ਕਰਮਚਾਰੀਆਂ ਨੇ ਆਖਰ ਅਧਿਕਾਰੀ ਵੱਲੋਂ ਦਿੱਤੇ ਗਏ ਭਰੋਸੇ ਬਾਅਦ ਜਿੰਦਰਾ ਖੋਲ ਦਿੱਤਾ ਪਰ ਉਨ੍ਹਾਂ ਦੀ ਹੜਤਾਲ ਜਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ ਹਾਲੇ ਵੀ ਕੋਈ ਸਥਿਤੀ ਸਪਸ਼ਟ ਨਹੀਂ ਹੋ ਪਾਈ ਹੈ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਜਾਂ ਨਹੀਂ, ਇਸ ਕਰਕੇ ਸ਼ਹਿਰ ਦੇ ਵਿਕਾਸ ਕਾਰਜ ਸਮੇਤ ਸਫਾਈ ਕਰਮਚਾਰੀਆਂ ਦੀ ਤਨਖਾਹ ਨੂੰ ਲੈ ਕੇ ਵੀ ਦਿੱਕਤ ਪੇਸ਼ ਆ ਰਹੀ ਹੈ। ਕੌਂਸਲ ਦੀ ਮਹੀਨੇਵਾਰ ਮੀਟਿੰਗ ਦੌਰਾਨ ਹੰਗਾਮਾ ਉਦੋਂ ਖੜਾ ਹੋ ਗਿਆ ਜਦ ਸਾਰੇ ਕਾਂਗਰਸੀ ਕੌਂਸਲਰਾਂ ਅਤੇ 4 ਭਾਜਪਾ ਕੌਂਸਲਰਾਂ ਸਣੇ ਕੁੱਲ 17 ਕੌਂਸਲਰ ਦੀ ਮੌਜੂਦਗੀ 'ਚ ਕਾਂਗਰਸ ਕੌਂਸਲਰਾਂ ਨੇ ਭਾਜਪਾ ਦੇ ਬੋਰਡ ਮੈਂਬਰਾਂ ਦਾ ਕੋਰਾਮ ਪੂਰਾ ਨਹੀਂ ਹੋਣ ਦੀ ਸੂਰਤ 'ਚ ਕੌਂਸਲਰ ਗਣਪਤ ਰਾਮ ਨੂੰ ਆਰਜੀ ਪ੍ਰਧਾਨ ਬਣਾ ਕੇ ਪੇਸ਼ ਕੀਤੇ ਗਏ ਸਾਰੇ ਮਤਿਆਂ, ਜਿਨ੍ਹਾਂ ਵਿੱਚ ਸ਼ਹਿਰ ਦੇ 33 ਵਾਰਡਾਂ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣੇ ਵੀ ਸ਼ਾਮਿਲ ਸਨ, ਨੂੰ ਮਨਜ਼ੂਰੀ ਦੇ ਦਿੱਤੀ। ਕੌਂਸਲ ਦੇ ਅੰਦਰ ਹੀ ਧਰਨੇ 'ਤੇ ਬੈਠੇ ਸਫਾਈ ਕਰਮਚਾਰੀਆਂ ਨੇ ਇਸਦਾ ਵਿਰੋਧ ਕਰਦੇ ਹੋਇਆਂ ਪਹਿਲਾਂ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਕਰਨ ਦਾ ਮੁੱਦਾ ਚੁੱਕਿਆ ਅਤੇ ਕੋਈ ਸੁਣਵਾਈ ਨਹੀਂ ਹੋਣ 'ਤੇ ਉਨ੍ਹਾਂ ਕੌਂਸਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਦਿੱਤਾ।

ਸਫਾਈ ਕਰਮਚਾਰੀ ਯੂਨੀਅਨ ਅਬੋਹਰ ਦੇ ਪ੍ਰਧਾਨ ਓਮਪ੍ਰਕਾਸ਼ ਨੇ ਕਿਹਾ ਕਿ ਚਾਰ ਮਹੀਨੇ ਦੀ ਤਨਖਾਹ ਉਨ੍ਹਾਂ ਨੂੰ ਨਹੀਂ ਮਿਲੀ ਹੈ ਜਿਸ ਕਰਕੇ ਘਰ ਚਲਾਉਣਾ ਔਖਾ ਹੋ ਗਿਆ ਹੈ, ਘਰ 'ਤੇ ਲਏ ਗਏ ਲੋਨ ਦੀ ਕਿਸ਼ਤ ਜਮਾਂ ਨਹੀਂ ਹੋਣ 'ਤੇ ਬੈਂਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਘਰਾਂ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ ਅਤੇ ਕੁਰਕੀ ਦੇ ਆਡਰ ਜਾਰੀ ਕਰ ਦਿੱਤੇ ਹਨ, ਪਰ ਨਗਰ ਕੌਂਸਲ ਦੇ ਅਧਿਕਾਰੀ ਅਤੇ ਕੌਂਸਲਰ ਸ਼ਹਿਰ 'ਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਮਤੇ ਪਾਸ ਕਰ ਰਹੇ ਹਨ ਪਰ ਉਨ੍ਹਾਂ ਦੀ ਤਨਖਾਹ ਬਾਰੇ ਫੰਡ ਨਹੀਂ ਹੈ ਦਾ ਲਾਰਾ ਲਾਇਆ ਜਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਕੀਤੀ ਗਈ ਹੜਤਾਲ ਜਾਰੀ ਰਹੇਗੀ ਅਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

ਇਸ ਬਾਰੇ ਕੌਂਸਲ ਦੇ ਈ.ਓ ਗੁਰਦਾਸ ਸਿੰਘ ਦਾ ਕਹਿਣਾ ਹੈ ਕਿ ਫੰਡ ਦੀ ਕੰਮੀ ਹੈ ਅਤੇ ਉਹ ਇਨ੍ਹਾਂ ਦੀਆਂ ਤਨਖਾਹ ਦੇਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੌਂਸਲ ਦੇ ਪ੍ਰਧਾਨ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਖੜੀ ਹੋਈ ਹੈ ਪਰ ਜਲਦ ਹੀ ਇਸਦਾ ਹੱਲ ਲੱਭ ਲਿਆ ਜਾਵੇਗਾ।

ਬੇਸ਼ੱਕ ਅਧਿਕਾਰੀ ਕਰਮਚਾਰੀਆਂ ਦੀ ਤਨਖਾਹ ਨੂੰ ਲੈ ਕੇ ਕੋਸ਼ਿਸ਼ ਕੀਤੇ ਜਾਣ ਦੀ ਗੱਲ ਕਰ ਰਹੇ ਹਨ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਸਫਾਈ ਕਰਮਚਾਰੀ ਧਰਨੇ ਜਾਂ ਫਿਰ ਹੜਤਾਲ 'ਤੇ ਗਏ ਹਨ ਇੱਕ-ਦੋ ਮਹੀਨੇ ਬਾਅਦ ਹੀ ਅਜਿਹੀ ਸਥਿਤ ਬਣ ਜਾਂਦੀ ਹੈ ਜਿਸ ਕਰਕੇ ਸ਼ਹਿਰ ਦੀ ਸਫਾਈ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਜਾਂਦੀ ਹੈ ਪਰ ਇਸਨੂੰ ਲੈ ਕੇ ਨਾ ਹੀ ਅਧਿਕਾਰੀ ਇਸਦਾ ਕੋਈ ਹੱਲ ਕਰਨ ਦੀ ਪਹਿਲ ਕਰ ਰਹੇ ਹਨ ਅਤੇ ਨਾ ਹੀ ਨਗਰ ਦੇ ਕੌਂਸਲਰ ਸੰਜੀਦਾ ਨਜ਼ਰ ਆਉਂਦੇ ਹਨ, ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਮਿਲੇ ਇਸਦਾ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ ਜਿਨ੍ਹਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਹੈ। ਅਜਿਹੇ ਵਿਕਾਸ ਕਾਰਜਾਂ ਦਾ ਕੀ ਫਾਇਦਾ ਜਿਸ ਤੋਂ ਬਾਅਦ ਵੀ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗਦੇ ਹੀ ਨਜ਼ਰ ਆਉਂਦੇ ਰਹੇ?