ਸਿਹਤ ਵਿਭਾਗ ਵੱਲੋਂ ਮਨਾਇਆ ਜਾਵੇਗਾ ਡਾਇਰੀਆ ਕੰਟਰੋਲ ਪੰਦਰਵਾੜਾ

Avtar Gill
Last Updated: Jul 06 2018 19:25

 ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ 9 ਤੋਂ 21 ਜੁਲਾਈ ਤੱਕ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜ੍ਹੇ ਦੌਰਾਨ 0 ਤੋਂ 5 ਸਾਲ ਤੱਕ ਦੇ ਡਾਇਰੀਆ ਪੀੜ੍ਹਤ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਲੋੜੀਂਦਾ ਇਲਾਜ ਕੀਤਾ ਜਾਵੇਗਾ।

ਸਿਵਲ ਸਰਜਨ ਨੇ ਕਿਹਾ ਕਿ ਇਸ ਫੋਰਟਨਾਈਟ ਮੌਕੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕਰਕੇ 0 ਤੋਂ 5 ਸਾਲ ਤੱਕ ਦੇ ਡਾਇਰੀਆ ਪੀੜ੍ਹਤ ਬੱਚਿਆਂ ਦੀ ਪਹਿਚਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਓ.ਆਰ.ਐਸ ਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦੇ ਦਸਤ ਦੇ ਰੋਗਾਂ ਦਾ ਘਰ ਹੀ ਇਲਾਜ ਦੇ ਕੇ ਬਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਬੱਚਿਆਂ ਦਾ ਘਰ ਵਿੱਚ ਇਲਾਜ ਨਹੀਂ ਹੋ ਸਕਦਾ ਉਨ੍ਹਾਂ ਨੂੰ ਨਜ਼ਦੀਕੀ ਦੇ ਸਿਹਤ ਕੇਂਦਰ ਵਿਖੇ ਰੈਫ਼ਰ ਕੀਤਾ ਜਾਵੇਗਾ। 

ਇਸ ਮੌਕੇ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਸਾਹਿਬ ਰਾਮ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਦੇ ਵੀ ਦਸਤ ਲੱਗੇ ਹੋਏ ਬੱਚੇ ਨੂੰ ਕੋਲਡ ਡ੍ਰਿੰਕ ਜਾਂ ਗਲੂਕੋਨ ਡੀ ਨਾ ਦਿੱਤਾ ਜਾਵੇ ਇਹ ਬੱਚੇ ਲਈ ਹਾਨੀਕਾਰਕ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਖਾਣ-ਪੀਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਜ਼ਰੂਰ ਧੋਣੇ ਚਾਹੀਦੇ ਹਨ ਇਸ ਨਾਲ ਵੀ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।