ਹੈਰੋਇਨ ਰੱਖਣ ਦੇ ਦੋਸ਼ ਵਿੱਚ 5 ਗ੍ਰਿਫ਼ਤਾਰ, ਪਰਚਾ ਦਰਜ..!!!

Last Updated: Jul 06 2018 15:27

ਥਾਣਾ ਲੱਖੋ ਕੇ ਬਹਿਰਾਮ, ਸੀਆਈਏ ਸਟਾਫ ਫਿਰੋਜ਼ਪੁਰ ਅਤੇ ਮਮਦੋਟ ਪੁਲਿਸ ਨੇ 5 ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਪਿੰਡ ਕੀਮੇ ਵਾਲਾ ਕੋਲ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਰੋਕਿਆ। ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੇ ਆਪਣਾ ਨਾਂਅ ਸੁਰਜੀਤ ਸਿੰਘ ਉਰਫ ਸ਼ੀਤੂ ਪੁੱਤਰ ਮਹਿਲ ਸਿੰਘ ਵਾਸੀ ਕੀਮੇ ਵਾਲਾ ਦੱਸਿਆ ਹੈ।

ਇਸੇ ਤਰ੍ਹਾਂ ਥਾਣਾ ਮਮਦੋਟ ਦੇ ਸਹਾਇਕ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਦਾਅਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਪਿੰਡ ਧੀਰਾ ਪੱਤਰਾ ਕੋਲ ਨਾਕੇਬੰਦੀ ਦੇ ਦੌਰਾਨ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀਆਂ ਨੂੰ ਰੋਕਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਬੂਟਾ ਸਿੰਘ ਪੁੱਤਰ ਜਸਵੰਤ ਸਿੰਘ, ਬਲਬੀਰ ਸਿੰਘ ਉਰਫ ਮੰਨਾ ਪੁੱਤਰ ਵੀਰ ਸਿੰਘ ਅਤੇ ਸਰਬਜੀਤ ਸਿੰਘ ਉਰਫ ਗੱਬਰ ਪੁੱਤਰ ਦੇਸਾ ਸਿੰਘ ਵਾਸੀਅਨ ਨਸੀਰਾ ਖਲਚੀਆਂ ਵਜੋਂ ਹੋਈ ਹੈ।

ਥਾਣਾ ਲੱਖੋ ਕੇ ਬਹਿਰਾਮ ਦੇ ਸਹਾਇਕ ਸਬ ਇੰਸਪੈਕਟਰ ਪਵਨ ਕੁਮਾਰ ਨੇ ਦਾਅਵਾ ਕਰਦਿਆਂ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਗਸ਼ਤ ਦੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਂਅ ਕੋਮਲਪ੍ਰੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਨਵਾਂ ਕਿਲਾ ਦੱਸਿਆ ਹੈ। ਪੁਲਿਸ ਨੇ ਦੱਸਿਆ ਕਿ ਉਕਤ ਪੰਜਾਂ ਵਿਅਕਤੀਆਂ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।