ਪੁਲਿਸ ਦਾ ਦਾਅਵਾ, 2238 ਨਸ਼ੀਲੀ ਗੋਲੀਆਂ ਸਣੇ 8 ਗਿਰਫਤਾਰ

Last Updated: Jul 06 2018 13:43

ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਗਸ਼ਤ ਦੌਰਾਨ 2238 ਨਸ਼ੀਲੀ ਗੋਲੀਆਂ ਸਣੇ 7 ਜਣਿਆਂ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗਿਰਫਤਾਰ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22, 61, 85 ਦੇ ਤਹਿਤ ਮਾਮਲੇ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੇ ਸਿਟੀ ਥਾਣੇ 'ਚ ਤਾਇਨਾਤ ਐਸ.ਆਈ. ਪੰਜਾਬ ਸਿੰਘ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਪਾਰਟੀ ਸਣੇ ਬੀਤੇ ਦਿਨੀਂ ਸ਼ਮਸ਼ਾਨ ਭੂਮੀ ਦੇ ਗੇਟ ਸਾਹਮਣੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਦੀ ਸੂਚਨਾ 'ਤੇ ਕੇਵਲ ਕ੍ਰਿਸ਼ਨ ਪੁੱਤਰ ਰਾਮ ਚੰਦ ਵਾਸੀ ਪਿੰਡ ਆਵਾ ਨੂੰ 710 ਨਸ਼ੀਲੀ ਗੋਲੀਆਂ ਸਣੇ ਗਿਰਫਤਾਰ ਕੀਤਾ ਗਿਆ। ਅਰਨੀਵਾਲਾ ਥਾਣਾ 'ਚ ਤਾਇਨਾਤ ਸਹਾਇਕ ਥਾਣੇਦਾਰ ਰਮੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਪਾਰਟੀ ਸਣੇ ਬੀਤੇ ਦਿਨੀਂ ਪਿੰਡ ਢੱਪਾਂ ਵਾਲੀ ਦੇ ਬੱਸ ਅੱਡੇ ਕੋਲ ਗਸ਼ਤ ਕਰ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ 3 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਪ੍ਰਤਾਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਢਿੱਪਾ ਵਾਲੀ ਤੋਂ 250 ਗੋਲੀਆਂ ਟ੍ਰਾਮਾਡੋਲ ਟਰਾਈ ਐਸ.ਆਰ, ਰਣਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਮੂਲਿਆ ਵਾਲੀ ਪਾਸੋਂ 250 ਗੋਲੀਆਂ ਟ੍ਰਾਮਾਡੋਲ ਕੈਮੋਲ 100 ਐਸ.ਆਰ ਅਤੇ ਗੁਰਸੇਵਕ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਪਾਸੋਂ 130 ਗੋਲੀਆਂ ਐਲਪਰਾਜੋਲਮ ਬਰਾਮਦ ਹੋਈਆਂ।

ਜਲਾਲਾਬਾਦ ਦੀ ਸਿਟੀ ਥਾਣਾ 'ਚ ਤਾਇਨਾਤ ਸਹਾਇਕ ਥਾਣੇਦਾਰ ਬਲਵੀਰ ਚੰਦ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਪਾਰਟੀ ਸਣੇ ਬੀਤੇ ਦਿਨੀਂ ਪਿੰਡ ਟਿਵਾਲਾ ਕਲਾ ਮੋੜ ਦੇ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ 2 ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜ ਗਏ, ਜਿਨ੍ਹਾਂ 'ਤੇ ਸ਼ੱਕ ਹੋਣ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਤ੍ਰਿਲੋਚਨ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਚੱਕ ਟਾਹਲੀ ਵਾਲਾ ਅਤੇ ਗੁਰਮੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਧਰਮੁ ਵਾਲਾ ਤੋਂ 68 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ।

ਇਸੇ ਤਰ੍ਹਾਂ ਥਾਣਾ ਵੈਰੋ ਕੇ 'ਚ ਤਾਇਨਾਤ ਸਹਾਇਕ ਥਾਣੇਦਾਰ ਹਰਬੰਸ ਲਾਲ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਪਾਰਟੀ ਸਣੇ ਬੀਤੇ ਦਿਨੀਂ ਪਿੰਡ ਮੋਹਕਮ ਵਾਲਾ ਕੋਲ ਗਸ਼ਤ ਕਰ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 300 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਫੜੇ ਗਏ ਵਿਅਕਤੀ ਦੀ ਪਹਿਚਾਣ ਬੂਟਾ ਰਾਮ ਪੁੱਤਰ ਚਾਨਣ ਰਾਮ ਵਾਸੀ ਪਿੰਡ ਅਰਾਈਆਵਾਲਾ ਉਰਫ਼ ਮੋਹਕਮ ਵੱਜੋਂ ਕੀਤੀ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਥਾਣਾ ਬਹਾਵਵਾਲਾ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਰਵਿੰਦਰ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਬੀਤੇ ਦਿਨੀਂ ਪੁਲਿਸ ਪਾਰਟੀ ਸਣੇ ਪਿੰਡ ਕੰਧਵਾਲਾ ਅਮਰਕੋਟ ਦੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 350 ਨਸ਼ੀਲੀ ਗੋਲੀਆਂ ਖੁੱਲ੍ਹੀਆਂ ਅਤੇ 180 ਗੋਲੀਆਂ ਲੋਮੋਟਿਲ ਬਰਾਮਦ ਹੋਈਆਂ ਜਿਸਨੂੰ ਗਿਰਫਤਾਰ ਕਰ ਲਿਆ ਗਿਆ। ਪੁਲਿਸ ਨੇ ਫੜੇ ਗਏ ਮੁਲਜਮ ਦੀ ਪਹਿਚਾਣ ਰਾਜਾ ਰਾਮ ਪੁੱਤਰ ਖ਼ਾਨ ਚੰਦ ਵਾਸੀ ਪਿੰਡ ਕਿੱਕਰਖੇੜਾ ਵੱਜੋਂ ਕੀਤੀ ਹੈ।