ਕਾਂਗਰਸੀ ਮੰਤਰੀ ਨੇ ਹੀ ਕਰ ਦਿੱਤੀ ਸਰਕਾਰ ਦੀ ਖ਼ਿਚਾਈ!

Last Updated: Jul 06 2018 13:24

ਘੱਗਰ ਦਰਿਆ, ਸਾਈਫ਼ਨਾਂ ਅਤੇ ਇਲਾਕੇ ਦੇ ਹੋਰ ਨਦੀਆਂ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਕਰਨ ਤੇ ਕਾਂਗਰਸੀ ਮੰਤਰੀ ਮਦਨ ਲਾਲ ਜਲਾਲਪੁਰ ਨੇ ਪੰਜਾਬ ਸਰਕਾਰ ਅਤੇ ਇਸਦੇ ਸਬੰਧਤ ਵਿਭਾਗ ਦੀ ਪੂਰੀ ਖੁੱਲਦਿਲੀ ਨਾਲ ਖ਼ਿਚਾਈ ਕਰ ਕੀਤੀ। ਹਲਕਾ ਘਨੌਰ ਨਾਲ ਸਬੰਧਤ ਹੋਣ ਕਾਰਨ ਜਲਾਲਪੁਰ ਭਲੀ ਭਾਂਤੀ ਜਾਣਦੇ ਹਨ ਕਿ, ਜਦੋਂ ਵੀ ਬਰਸਾਤਾਂ ਦੇ ਦਿਨਾਂ ਵਿੱਚ ਘੱਗਰ ਚੜਦਾ ਹੈ ਤਾਂ ਉਹ ਘਨੌਰ ਦੇ ਵੱਡੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਜਿਸਦੇ ਚਲਦਿਆਂ ਵਿਧਾਇਕ ਮਦਨ ਜਲਾਲਪੁਰ ਨੇ ਇਲਾਕਾ ਨਿਵਾਸੀਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਨੂੰ ਅਧਾਰ ਬਣਾ ਕੇ ਸਬੰਧਤ ਵਿਭਾਗ ਵਾਲਿਆਂ ਨੂੰ ਇੱਕ ਲਾਈਨ ਵਿੱਚ ਖ਼ੜਾ ਕਰ ਲਿਆ ਅਤੇ ਉਨ੍ਹਾਂ ਤੋਂ ਪੂਰੀ ਜਵਾਬ ਤਲਬੀ ਕੀਤੀ। ਕਾਬਿਲ-ਏ-ਗੌਰ ਹੈ ਕਿ, ਹਲਕਾ ਘਨੌਰ ਦੇ ਕਿਸਾਨਾਂ ਨੂੰ ਹਰ ਸਾਲ ਬਰਸਾਤਾਂ ਦੇ ਦਿਨਾਂ 'ਚ ਹੜਾਂ ਦੀ ਮਾਰ ਕਾਰਨ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਬਾਵਜੂਦ ਇਸਦੇ ਪਿਛਲੇ ਦੋ ਸਾਲ ਤੋਂ ਘੱਗਰ ਦਰਿਆ ਤੇ ਸਾਇਫ਼ਨਾਂ ਦੀ ਸਫ਼ਾਈ ਨਹੀਂ ਕੀਤੀ ਗਈ ਅਤੇ ਜੇਕਰ ਸਥਾਨਕ ਲੋਕਾਂ ਨੇ ਨਿੱਜੀ ਤੌਰ 'ਤੇ ਸਾਇਫ਼ਨਾਂ ਦੀ ਸਫ਼ਾਈ ਕਰਨੀ ਚਾਹੀ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਉਨ੍ਹਾਂ ਦੇ ਰਸਤੇ ਵਿੱਚ ਲੱਤਾਂ ਡਾਹ ਕੇ ਬਹਿ ਗਈ।

ਘਨੌਰ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਲਾਲਪੁਰ ਨੇ ਸਾਫ਼ ਤੌਰ ਤੇ ਆਖ਼ ਦਿੱਤਾ ਕਿ ਅਗਰ ਇਸ ਸਾਲ ਹੜਾਂ ਕਾਰਨ ਜਰਾ ਜਿੰਨਾ ਵੀ ਨੁਕਸਾਨ ਹੋਇਆ ਤਾਂ ਇਸ ਵਾਸਤੇ ਸਬੰਧਤ ਵਿਭਾਗਾਂ ਅਤੇ ਅਫ਼ਸਰਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਉਨ੍ਹਾਂ ਇੱਥੋਂ ਤੱਕ ਵੀ ਆਖ਼ ਦਿੱਤਾ ਕਿ ਵਿਜੀਲੈਂਸ ਵਿਭਾਗ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਕਿਉਂਕਿ ਮਿਲੀਆਂ ਸ਼ਿਕਾਇਤਾਂ ਅਨੁਸਾਰ ਇਹ ਵਿਭਾਗ ਵੀ ਕੰਮ ਵਿੱਚ ਘੜੰਮ ਪਾਉਂਦਾ ਹੈ।