ਜਨਤਕ ਹੋ ਸਕਦੀ ਹੈ ਐੱਸ.ਟੀ.ਐਫ. ਦੀ ਰਿਪੋਰਟ!!!(ਨਿਊਜ਼ ਨੰਬਰ ਖ਼ਾਸ ਖ਼ਬਰ)

Last Updated: Jul 04 2018 15:53

ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜਾ ਮੁਕੱਰਰ ਕਰਨ ਲਈ ਕੈਬਟਨ ਵਿੱਚ ਪਾਸ ਹੋਏ ਮਤੇ ਦੇ ਬਾਅਦ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਨਸ਼ਿਆਂ ਦੇ ਮਾਮਲੇ 'ਤੇ ਸਰਕਾਰ ਦਾ ਰੁਖ਼ ਹੋਰ ਸਖ਼ਤ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਵਿਰੋਧੀ ਦੇ ਤੌਰ 'ਤੇ ਜਾਣੀ ਜਾਂਦੀ ਆਮ ਆਦਮੀ ਪਾਰਟੀ ਨੇ ਵੀ ਨਸ਼ਿਆਂ ਦੇ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕਰਨ ਦੇ ਨਾਲ ਨਾਲ ਇਸ ਮੁੱਦੇ 'ਤੇ ਕੈਪਟਨ ਦਾ ਪੂਰੀ ਤਰਾਂ ਨਾਲ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। 

ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ 'ਤੇ ਸਮਰਥਨ ਦੇਣ ਦਾ ਇੱਕੋ ਇੱਕ ਕਾਰਨ ਜਿਹੜਾ ਨਜ਼ਰ ਆ ਰਿਹਾ ਹੈ ਉਹ ਇਹ ਹੈ, ਕਿ ਇਸ ਪਾਰਟੀ ਨੇ ਵੀ ਵਿਧਾਨ ਸਭਾ ਚੋਣਾ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹੀ ਲੜੀਆਂ ਸਨ। ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਦੀ ਜੜ ਨੂੰ ਹੱਥ ਪਾ ਹੀ ਲਿਆ ਹੈ ਤਾਂ, ਕਾਂਗਰਸ ਨੂੰ ਆਮ ਆਦਮੀ ਦਾ ਸਮਰਥਨ ਮਿਲਣਾ ਸੁਭਾਵਿਕ ਹੀ ਬਣ ਜਾਂਦਾ ਹੈ। 

ਜਾਣਕਾਰਾਂ ਦੀ ਮੰਨੀਏ ਤਾਂ ਆਮ ਆਦਮੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਵਫ਼ਦ ਨੇ ਪੂਰੀ ਤਰ੍ਹਾਂ ਨਾਲ ਸਾਫ਼ ਕਰ ਦਿੱਤਾ ਹੈ ਕਿ, ਉਹ ਨਸ਼ਿਆਂ ਦੇ ਮੁੱਦੇ 'ਤੇ ਕਾਂਗਰਸ ਦੇ ਨਾਲ ਖੜੇ ਹਨ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਵਿਸਥਾਰ ਨਾਲ ਵਿਚਾਰ ਚਰਚਾ ਕਰਨ ਦੇ ਬਾਅਦ ਸਪੈਸ਼ਲ ਟਾਸਕ ਫੋਰਸ ਨੂੰ ਅਜ਼ਾਦਾਨਾ ਹੱਕ ਦੇਣ ਦੀ ਵਕਾਲਤ ਕੀਤੀ, ਇਸ ਦੇ ਨਾਲ ਹੀ ਮਾਨ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸੀ.ਬੀ.ਆਈ. ਦੀ ਜਾਂਚ ਦੀ ਵੀ ਮੰਗ ਕੀਤੀ। 

ਅਗਰ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿੱਚ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਿਆਂ ਦੇ ਮਾਮਲੇ 'ਤੇ ਦਿੱਤੀ ਗਈ ਰਿਪੋਰਟ ਨੂੰ ਜਨਤਕ ਵੀ ਕੀਤਾ ਜਾ ਸਕਦਾ ਹੈ। ਅਗਰ ਸੂਤਰਾਂ ਦੀ ਮੰਨੀਏ ਤਾਂ ਕੇਵਲ ਆਮ ਆਦਮੀ ਪਾਰਟੀ ਵਾਲੇ ਹੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕੁਝ ਕੈਬਿਨੇਟ ਮੰਤਰੀ ਵੀ ਐੱਸ.ਟੀ.ਐਫ. ਦੀ ਰਿਪੋਰਟ ਨੂੰ ਜਨਤਕ ਕਰਨ ਦੇ ਹੱਕ ਵਿੱਚ ਹਨ। 

ਸੂਤਰਾਂ ਦੀ ਮੰਨੀਏ ਤਾਂ ਕੇਵਲ ਆਮ ਆਦਮੀ ਵਾਲੇ ਹੀ ਨਹੀਂ ਬਲਕਿ ਉਹ ਸੀਨੀਅਰ ਕਾਂਗਰਸੀ ਆਗੂ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾ ਜਿੱਤੀਆਂ ਹੀ ਇਸ ਵਾਅਦੇ ਨਾਲ ਸਨ ਕਿ ਸੱਤਾ ਵਿੱਚ ਆਉਂਦਿਆਂ ਹੀ ਉਹ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਤੁੰਨ ਦੇਣਗੇ, ਉਹ ਵੀ ਚਾਹੁੰਦੇ ਹਨ ਕਿ ਸੂਬੇ ਦੀ ਅਵਾਮ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ, ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਿੱਚ ਕਿਨ੍ਹਾਂ ਸਫ਼ੈਦਪੋਸ਼ਾਂ ਦਾ ਹੱਥ ਹੈ। ਇੱਥੇ ਹੀ ਬੱਸ ਨਹੀਂ ਨਸ਼ਿਆਂ ਦੇ ਮੁੱਦੇ 'ਤੇ ਵਿਧਾਨ ਸਭਾ ਦਾ ਲਾਈਵ ਵਿਸ਼ੇਸ਼ ਸੈਸ਼ਨ ਬਲਾਉਣ ਦੀ ਵੀ ਅੰਦਰਖਾਤੇ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਤਾਂ ਜੋ ਕਿ ਸੂਬੇ ਦੀ ਅਵਾਮ ਨੂੰ ਜਮੀਨੀ ਪੱਧਰ 'ਤੇ ਸਾਰੇ ਮੁੱਦੇ ਤੋਂ ਜਾਣੂੰ ਕਰਵਾਇਆ ਜਾ ਸਕੇ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।