ਕੀ ਵੱਡੇ ਮਗਰਮੱਛਾਂ ਨੂੰ ਹੱਥ ਪਾ ਪਾਉਣਗੇ ਡੀ.ਜੀ.ਪੀ. ਅਰੋੜਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 04 2018 15:26

ਪਹਿਲਾਂ ਨਸ਼ਿਆਂ ਦੇ ਮਾਮਲੇ ਵਿੱਚ ਤਸਕਰਾਂ ਲਈ ਮੌਤ ਦੀ ਸਜਾ ਦਾ ਰਾਹ ਪੱਧਰਾ ਕਰਨ, ਨਸ਼ਿਆਂ ਦੇ ਮਾਮਲੇ ਵਿੱਚ ਫ਼ਸੇ ਐੱਸ.ਐੱਸ.ਪੀ. ਮੋਗਾ ਰਾਜਜੀਤ ਸਿੰਘ ਦਾ ਤਬਾਦਲਾ ਕਰਨ ਅਤੇ ਉਸਦੇ ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਨੂੰ ਪਹਿਲਾਂ ਨੌਕਰੀ ਤੋਂ ਕੱਢ ਦੇਣ ਦੇ ਬਾਅਦ ਉਸਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਪੰਜਾਬ ਦੇ ਨਸ਼ਾ ਤਸਕਰਾਂ ਦੇ ਦਿਨ ਪੂਰੇ ਹੋ ਗਏ ਹਨ। 

ਅਜਿਹੇ ਦੋਹਾਂ ਹੀ ਦਿੱਗਜ ਪੁਲਿਸ ਅਧਿਕਾਰੀਆਂ, ਜਿਨ੍ਹਾਂ ਬਾਰੇ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਹੀ ਪਿਛਲੇ ਸਰਕਾਰ ਦੇ ਚਹੇਤੇ ਸਨ, ਨੂੰ ਟੰਗਣ ਦੇ ਬਾਅਦ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਾਰੇ ਗਏ ਨੌਜਵਾਨਾਂ ਦੀਆਂ ਮੌਤਾਂ ਦੀ ਜਾਂਚ ਖੋਲ੍ਹਣ ਦਾ ਹੁਕਮ ਦੇਕੇ ਇੱਕ ਨਵਾਂ ਹੀ ਸਿਆਸੀ ਧਮਾਕਾ ਕਰ ਦਿੱਤਾ ਹੈ। 

ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ, ਉੱਥੇ ਹੀ ਦੂਜੀਆਂ ਕਾਂਗਰਸ ਵਿਰੋਧੀ ਧਿਰਾਂ ਨੂੰ ਜਰੂਰ ਹੱਥਾਂ ਪੈਰਾਂ ਦੀ ਪੈ ਗਈ ਹੈ। ਅਗਰ ਸਿਆਸੀ ਦਿੱਗਜਾਂ ਦੀ ਮੰਨੀਏ ਤਾਂ ਅੰਦਰੋਂ ਖ਼ਾਤੇ ਪਿਛਲੀ ਸਰਕਾਰ ਨਾਲ ਸਬੰਧਿਤ ਕੁਝ ਵੱਡੇ ਸਿਆਸੀ ਆਗੂਆਂ ਦੀ ਰਾਤਾਂ ਦੀ ਨੀਂਦ ਪੂਰੀ ਤਰ੍ਹਾਂ ਨਾਲ ਹਰਾਮ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਖ਼ੁਦ ਨੂੰ ਸਲਾਖ਼ਾਂ ਪਿੱਛੇ ਖੜੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। 

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ, ਜਿਸ ਤਰੀਕੇ ਨਾਲ ਮੁੱਖ਼ ਮੰਤਰੀ ਪੰਜਾਬ ਨਸ਼ਿਆਂ ਤੇ ਮਾਮਲੇ ਵਿੱਚ ਛੱਕੇ ਤੇ ਛੱਮੇ ਮਾਰੀ ਜਾ ਰਹੇ ਹਨ, ਉਸ ਤੋਂ ਇੱਕ ਗੱਲ ਤੈਅ ਹੈ ਕਿ, ਨਸ਼ੇ ਦੇ ਧੰਦੇ ਨਾਲ ਜੁੜੀ ਹਰ ਛੋਟੀਆਂ-ਵੱਡੀਆਂ ਮੱਛੀਆਂ ਤਾਂ ਫੜੀਆਂ ਹੀ ਜਾਣਗੀਆਂ, ਵੱਡੇ-ਵੱਡੇ ਮਗਰਮੱਛ ਵੀ ਪਿੰਜਰਿਆਂ ਵਿੱਚ ਨਜ਼ਰ ਆਉਣਗੇ। 

ਕਾਬਿਲ-ਏ-ਗ਼ੌਰ ਹੈ ਕਿ ਲੰਘੀ ਦੇਰ ਸ਼ਾਮ ਮੁੱਖ਼ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੁਕਮ ਜਾਰੀ ਕਰਕੇ ਪਿਛਲੇ ਸਮੇਂ ਦੌਰਾਨ ਨਸ਼ਿਆਂ ਨਾਲ ਹੋਈਆਂ ਤਮਾਮ ਮੌਤਾਂ ਦੀ ਜਾਂਚ ਦਾ ਜਿੰਮਾ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਦੇ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ, ਡੀ.ਜੀ.ਪੀ. ਅਰੋੜਾ ਇਹਨਾਂ ਮੌਤਾਂ ਲਈ ਜਿੰਮੇਵਾਰ ਮਗਰਮੱਛਾਂ ਨੂੰ ਹੱਥ ਪਾਉਣ ਦੀ ਹਿੰਮਤ ਜੁਟਾ ਪਾਉਂਦੇ ਹਨ ਜਾਂ ਨਹੀਂ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।