ਆਂਗਣਵਾੜੀ ਵਰਕਰਾਂ ਨੇ ਨਸ਼ਿਆਂ ਦੇ ਵਿਰੋਧ 'ਚ ਸਰਕਾਰ ਖ਼ਿਲਾਫ਼ ਕੱਢਿਆ ਰੋਸ਼ ਮਾਰਚ

Last Updated: Jul 03 2018 18:27
Reading time: 1 min, 8 secs

ਅਬੋਹਰ ਵਿਖੇ ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਦੀ ਮੈਂਬਰਾਂ ਨੇ ਨਸ਼ਿਆਂ ਕਾਰਨ ਆਏ ਦਿਨ ਹੋ ਰਹੀ ਨੌਜਵਾਨਾਂ ਦੀਆਂ ਮੌਤਾਂ ਦੇ ਵਿਰੋਧ 'ਚ ਅੱਜ ਸਰਕਾਰ ਖ਼ਿਲਾਫ਼ ਰੋਸ਼ ਮਾਰਚ ਕੱਢਦੇ ਹੋਏ ਐਸ.ਡੀ.ਐਮ. ਦਫ਼ਤਰ ਪੁੱਜ ਕੇ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ।

ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ਾਂ 'ਤੇ ਵੱਡੀ ਗਿਣਤੀ 'ਚ ਆਂਗਣਵਾੜੀ ਕਰਮਚਾਰੀਆਂ ਨੇ ਸ਼ਹਿਰ 'ਚ ਰੋਸ ਮਾਰਚ ਕੱਢਦੇ ਹੋਏ ਨਸ਼ਿਆਂ ਦੇ ਮੁੱਦੇ 'ਤੇ ਬੈਨਰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਬਲਾਕ ਖੁਈਆਂ ਸਰਵਰ ਪ੍ਰਧਾਨ ਇੰਦਰਜੀਤ ਕੌਰ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਆਏ ਦਿਨ ਨਸ਼ਿਆਂ ਕਾਰਨ ਹੋ ਰਹੀ ਮੌਤਾਂ ਚਿੰਤਾ ਦਾ ਵਿਸ਼ਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਨੂੰ  ਠੱਲ੍ਹ ਪਾਉਣ 'ਚ ਨਾਕਾਮ ਸਾਬਤ ਹੋ ਰਹੀਆਂ ਹਨ। ਬਲਾਕ ਅਬੋਹਰ 1 ਪ੍ਰਧਾਨ ਗੁਰਬੰਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰੀਆ ਵਗ ਰਿਹਾ ਹੈ, ਜੋ ਆਪਣੇ ਨਾਲ ਕਈ ਜ਼ਿੰਦਗੀਆਂ ਰੋੜ੍ਹ ਕੇ ਲਿਜਾ ਰਿਹਾ ਹੈ, ਜੇਕਰ ਸਰਕਾਰ ਸਮੇਂ 'ਤੇ ਆਪਣੀ ਜ਼ਿੰਮੇਦਾਰੀ ਸਮਝਦੀ ਤਾਂ ਅੱਜ ਇਹ ਨੌਬਤ ਨਹੀਂ ਆਉਂਦੀ। ਇਸ ਤੋਂ ਬਾਅਦ ਉਨ੍ਹਾਂ ਨੇ ਉਪਮੰਡਲ ਅਧਿਕਾਰੀ ਦੇ ਦਫ਼ਤਰ ਜਾ ਕੇ ਉਨ੍ਹਾਂ ਦੀ ਗੈਰ ਹਾਜ਼ਰੀ ‘ਚ ਉਨ੍ਹਾਂ ਦੇ ਰੀਡਰ ਹਰਦੀਪ ਕੌਰ ਅਤੇ ਸੁਪਰੀਟੈਂਡੈਂਟ ਰਾਮਰਤਨ ਨੂੰ ਪੰਜਾਬ ਸਰਕਾਰ  ਦੇ ਨਾਂਅ 'ਤੇ ਮੰਗ ਪੱਤਰ ਦੇ ਕੇ ਨਸ਼ਿਆਂ 'ਤੇ ਕਾਬੂ ਕਰਨ  ਦੀ ਮੰਗ ਕੀਤੀ। ਰੋਸ ਵਿਖਾਵਾ ਕਰਨ ਵਾਲਿਆਂ 'ਚ ਜਿੱਲ੍ਹਾ ਪ੍ਰਧਾਨ ਰੇਸ਼ਮਾ ਰਾਣੀ, ਅੰਜੂ ਬਿਸ਼ਨੋਈ, ਸ਼ਰਨਜੀਤ ਕੌਰ, ਕੈਲਾਸ਼ ਰਾਣੀ, ਕੁਲਦੀਪ ਕੌਰ, ਸੁਨੀਤਾ, ਵਿਜੈ ਲਕਸ਼ਮੀ, ਰਿਛਪਾਲ, ਸਿਮਰਜੀਤ ਕੌਰ, ਕੰਚਨ ਬਿਸ਼ਨੋਈ, ਦੀਪਿਕਾ, ਸੁਖਜੀਤ ਕੌਰ ਆਦਿ ਮੌਜੂਦ ਸਨ।