6 ਫ਼ਰਦ ਕੇਂਦਰਾਂ ਤੋਂ 67473 ਬਿਨੈਕਾਰਾਂ ਨੇ ਲਿਆ ਲਾਹਾ- ਡੀ.ਸੀ

Last Updated: Jun 26 2018 16:07
Reading time: 2 mins, 10 secs

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੇ ਫ਼ਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ 'ਚ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਫ਼ਰਦ ਕੇਂਦਰਾਂ 'ਚ ਸੌ ਫ਼ੀਸਦੀ ਜ਼ਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 362 ਪਿੰਡਾਂ ਤੋਂ ਇਲਾਵਾ ਸ਼ਹਿਰੀ ਖੇਤਰ ਨਾਲ ਸਬੰਧਿਤ ਜ਼ਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 6 ਫ਼ਰਦ ਕੇਂਦਰਾਂ ਤੋਂ ਮਹੀਨਾ ਮਈ 2018 ਤੱਕ 67473 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਤਸਦੀਕਸ਼ੁਦਾ ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਮੂਹ ਫ਼ਰਦ ਕੇਂਦਰਾਂ ਤੋਂ ਲਗਪਗ 92 ਲੱਖ ਦੀ ਆਮਦਨ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਕੀਤੇ ਜਾ ਚੁੱਕੇ ਰਿਕਾਰਡ ਨੂੰ ਕਿਸੇ ਵੀ ਸਮੇਂ ਤੇ ਕਿਤੇ ਵੀ ਬੈਠ ਕੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਫ਼ਰਦ ਕੇਂਦਰਾਂ ਰਾਹੀਂ ਜਿੱਥੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਲੋਕਾਂ ਨੂੰ ਅਸਾਨ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਫ਼ਰਦ ਕੇਂਦਰ ਫ਼ਾਜ਼ਿਲਕਾ ਵਿਖੇ ਮਈ 2018 ਤੱਕ 20307 ਬਿਨੈਕਾਰਾਂ ਨੂੰ 1 ਲੱਖ 23 ਹਜ਼ਾਰ 138 ਪੰਨੇ, ਅਬੋਹਰ ਵਿਖੇ 12577 ਲੋਕਾਂ ਨੂੰ 96 ਹਜ਼ਾਰ 012 ਪੰਨੇ ਅਤੇ ਜਲਾਲਾਬਾਦ ਵਿਖੇ 17531 ਵਿਅਕਤੀਆਂ ਨੂੰ 1 ਲੱਖ 20 ਹਜ਼ਾਰ 058 ਨਕਲਾਂ ਮੁਹੱਈਆ ਕਰਵਾਈਆਂ ਗਈਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੀਤੋ ਗੁੰਨੋ ਵਿਖੇ ਸਥਿਤ ਫ਼ਰਦ ਕੇਂਦਰ ਤੋਂ 2836 ਬਿਨੈਕਾਰਾਂ ਨੂੰ 23 ਹਜ਼ਾਰ 592 ਪੰਨੇ, ਖੂਈਆਂ ਸਰਵਰ ਫ਼ਰਦ ਕੇਂਦਰ ਤੋਂ 5135 ਬਿਨੈਕਾਰਾਂ ਨੂੰ 41 ਹਜ਼ਾਰ 622 ਪੰਨੇ ਅਤੇ ਅਰਨੀ ਵਾਲਾ ਫ਼ਰਦ ਕੇਂਦਰ ਤੋਂ 9087 ਲੋਕਾਂ ਨੂੰ 54 ਹਜ਼ਾਰ 913 ਪੰਨੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 91 ਲੱਖ 86 ਹਜ਼ਾਰ 700 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਰਦ ਕੇਂਦਰਾਂ ਤੋਂ ਤਸਦੀਕਸ਼ੁਦਾ ਨਕਲਾਂ ਹਾਸਲ ਕਰਨ ਵਿੱਚ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲਗਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫ਼ੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਨਕਲ ਪ੍ਰਾਪਤ ਹੋ ਜਾਂਦੀ ਹੈ ਉੱਥੇ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੁੰਦੀ ਹੈ। 

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਇਨ੍ਹਾਂ ਫ਼ਰਦ ਕੇਂਦਰਾਂ ਵਿਖੇ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਹੁੰਦਾ, ਉੱਥੇ ਹੀ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਜ਼ਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਵੈੱਬਸਾਈਟ www.plrs.org.in 'ਤੇ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦਾ ਹੈ ਅਤੇ ਇਸ ਦਾ ਪ੍ਰਿੰਟ ਆਊਟ ਵੀ ਪ੍ਰਾਪਤ ਕਰ ਸਕਦਾ ਹੈ।