ਨਾਭਾ ਜੇਲ੍ਹ ਦੀ ਸਕਿਉਰਿਟੀ ਤੇ ਫ਼ੇਰ ਖੜੇ ਹੋਏ ਸਵਾਲ, ਕੈਦੀ ਤੋਂ ਮੋਬਾਈਲ ਫੋਨ ਬਰਾਮਦ

Last Updated: Jul 12 2018 19:13

ਥਾਣਾ ਸਦਰ ਨਾਭਾ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ਼ ਕੀਤਾ ਹੈ, ਜਿਸਦੇ ਅਨੁਸਾਰ 1 ਕੈਦੀ ਤੋਂ ਮੋਬਾਈਲ ਫੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਹਿਚਾਣ ਗੁਰਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਰਸ਼ ਨਗਰ ਅਲੀਪੁਰ ਦੇ ਤੌਰ ਤੇ ਹੋਈ ਹੈ। ਇਸ ਘਟਨਾ ਤੋਂ ਬਾਅਦ ਨਾਭਾ ਜੇਲ੍ਹ ਸੁਰੱਖਿਆ ਕੜੀਆਂ ਨੂੰ ਲੈ ਕੇ ਇੱਕ ਵਾਰੀ ਫੇਰ ਸੁਰਖੀਆਂ ਵਿੱਚ ਆ ਗਈ ਹੈ। ਪਹਿਲਾਂ ਗੈਂਗਸਟਰਾਂ ਦੇ ਭੱਜਣ ਤੇ ਜੇਲ੍ਹ ਦੀ ਬਦਨਾਮੀ ਹੋਈ ਅਤੇ ਹੁਣ ਹਰ ਥੋੜੇ ਦਿਨਾਂ ਬਾਅਦ ਕੈਦੀਆਂ ਕੋਲੋਂ ਫੋਨ ਬਰਾਮਦ ਹੋਣੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਸੁਪਰਡੈਂਟ ਅਜਮੇਰ ਸਿੰਘ ਨੇ ਦੱਸਿਆ ਕਿ ਉਹ ਨਾਭਾ ਜੇਲ ਦੀ ਅਚਨਚੇਤ ਚੈਕਿੰਗ ਲਈ ਪਹੁੰਚੇ ਸਨ, ਜਦੋਂ ਉਨ੍ਹਾਂ ਨੂੰ ਰਾਊਂਡ ਦੇ ਦੌਰਾਨ ਫੋਨ ਦੀ ਆਵਾਜ਼ ਸੁਣਦੀ ਮਹਿਸੂਸ ਹੋਈ। ਸ਼ੱਕ ਪੈਂਦੇ ਹੀ ਸਾਰੇ ਕੈਦੀਆਂ ਦੀ ਚੈਕਿੰਗ ਕੀਤੀ ਗਈ, ਜਿਸ 'ਚੋਂ ਉਕਤ ਕੈਦੀ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਕੈਦੀ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਸਜ਼ਾ ਭੁਗਤ ਰਿਹਾ ਹੈ। ਇਸਦੇ ਨਾਲ ਹੀ ਉਸਦੇ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੈਦੀ ਕੋਲੋਂ ਫੋਨ ਮਿਲਣ ਨਾਲ ਜੇਲ੍ਹ ਅਧਿਕਾਰੀਆਂ ਦੀ ਇਮਾਨਦਾਰੀ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਿਰਕਾਰ ਇੱਕ ਕੈਦੀ ਕੋਲ ਇੰਟਰਨੈੱਟ ਵਾਲਾ ਫੋਨ ਕਿੱਥੋਂ ਆਇਆ ਅਤੇ ਉਹ ਪੂਰੀ ਤਰ੍ਹਾਂ ਚਾਰਜ ਕਿਵੇਂ ਸੀ?