ਹਰ ਵਾਰ ਦੀ ਤਰ੍ਹਾਂ ਅੰਤ ਵਿੱਚ ਪ੍ਰਸ਼ਾਸਨ ਨੂੰ ਆਈ ਜੈਕਬ ਡਰੇਨ ਦੀ ਯਾਦ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 16:34

ਸ਼ਹਿਰ ਵਿੱਚ ਨਿਕਲਦੇ ਹੀ ਹਰ ਤਰਫ਼ ਇਹ ਅਫ਼ਵਾਹਾਂ ਸੁਣਨ ਨੂੰ ਮਿਲਦੀਆਂ ਹਨ ਕਿ ਇਸ ਵਾਰ ਵਰਖਾ ਦੇ ਮੌਸਮ ਵਿੱਚ ਸ਼ਾਹੀ ਸ਼ਹਿਰ ਵਿੱਚ ਹੜ੍ਹ ਆਉਣ ਦੀ ਪੂਰੀ ਸੰਭਾਵਨਾ ਹੈ। ਭਾਵੇਂ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਫਰਵਰੀ ਦੇ ਮਹੀਨੇ ਤੋਂ ਹੀ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਜੈਕਬ ਡ੍ਰੇਨ ਦੀ ਸਫ਼ਾਈ ਦਾ ਕੰਮ ਬਰਸਾਤ ਤੋਂ ਮਹੀਨਾ ਪਹਿਲਾਂ ਹੀ ਪੂਰਾ ਕਰ ਦਿੱਤਾ ਜਾਵੇਗਾ ਪਰ ਹਮੇਸ਼ਾ ਦੀ ਤਰ੍ਹਾਂ ਇਹ ਦਾਅਵਾ ਵੀ ਖੋਖਲਾ ਸਾਬਤ ਹੋਇਆ ਅਤੇ ਹੁਣ ਜਦੋਂ ਬਰਸਾਤ ਦਾ ਮੌਸਮ ਬਿਲਕੁਲ ਸਿਰ ਤੇ ਹੈ ਓਦੋਂ ਪ੍ਰਸ਼ਾਸਨ ਨੇ ਮਜ਼ਦੂਰਾਂ ਦੀ ਜਾਨ ਕੱਢੀ ਹੋਈ ਹੈ। ਇੱਥੇ ਪਾਠਕਾਂ ਨੂੰ ਦੱਸਣਯੋਗ ਹੈ ਕਿ ਜੈਕਬ ਡਰੇਨ ਦੇ ਅੰਦਰ ਅਤੇ ਬਾਹਰ ਏਨੇ ਪੇੜ-ਪੌਦੇ ਉੱਗੇ ਹੋਏ ਹਨ ਕਿ ਸਿਰਫ਼ ਉਨ੍ਹਾਂ ਨੂੰ ਸਾਫ਼ ਕਰਨ ਵਿੱਚ 1 ਹਫ਼ਤੇ ਦਾ ਸਮਾਂ ਲੱਗ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਇਸ ਡਰੇਨ ਦੀ ਸਫ਼ਾਈ ਤੇ ਪ੍ਰਸ਼ਾਸਨ ਵੱਲੋਂ 42 ਲੱਖ ਰੁਪਏ ਦੇ ਕਰੀਬ ਖ਼ਰਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਅਰਥਸ਼ਾਸਤਰੀਆਂ ਦੀ ਮੰਨੀਏ ਤਾਂ ਜੇਕਰ ਇਹੀ ਕੰਮ ਸਮੇਂ ਤੇ ਸ਼ੁਰੂ ਕੀਤਾ ਜਾਂਦਾ ਤਾਂ ਇਸ ਕੰਮ ਤੇ 30 ਲੱਖ ਰੁਪਏ ਤੋਂ ਵੱਧ ਖ਼ਰਚ ਨਹੀਂ ਆਉਣਾ ਸੀ। ਇੱਥੇ ਸਭ ਤੋਂ ਚਿੰਤਕ ਗੱਲ ਇਹ ਹੈ ਕਿ ਜੇਕਰ ਡਰੇਨ ਦੀ ਸਫ਼ਾਈ ਪੂਰੀ ਹੋਣ ਤੋਂ ਪਹਿਲਾਂ ਲਗਾਤਾਰ ਬਰਸਾਤ ਸ਼ੁਰੂ ਹੋ ਜਾਂਦੀ ਹੈ ਤਾਂ ਲੋਕਾਂ ਦੇ ਵਿੱਚ ਫੈਲੀ ਅਫ਼ਵਾਹ ਕਦੋਂ ਸਹੀ ਸਾਬਤ ਹੋ ਜਾਵੇਗੀ, ਇਸ ਦਾ ਅਨੁਮਾਨ ਲਾਉਣਾ ਬਹੁਤ ਔਖਾ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਪਿਛਲੇ 2 ਮਹੀਨਿਆਂ ਤੋਂ ਇਹ ਦਾਅਵਾ ਸੀ ਕਿ ਬਹੁਤ ਛੇਤੀ ਜੈਕਬ ਡਰੇਨ ਨੂੰ ਸਾਫ਼ ਕਰਵਾ ਦਿੱਤਾ ਜਾਵੇਗਾ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਨਾ ਹੀ ਹੜ੍ਹ ਦਾ ਡਰ ਰਹੇ ਅਤੇ ਨਾ ਹੀ ਮੱਛਰਾਂ ਦੀ ਭਰਮਾਰ ਨਾਲ ਲੋਕਾਂ ਨੂੰ ਪਰੇਸ਼ਾਨ ਹੋਣਾ ਪਵੇ। ਹੁਣ ਡੀਸੀ ਵੱਲੋਂ ਹਰ ਰੋਜ਼ ਸਫ਼ਾਈ ਦਾ ਖ਼ੁਦ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਕੰਮ ਕਰਨ ਲਈ ਆਖਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਡਰੇਨ ਦੀ ਸਫ਼ਾਈ ਦਾ ਕੰਮ ਵਕਤ ਤੇ ਪੂਰਾ ਹੋਵੇਗਾ ਜਾਂ ਲੋਕਾਂ ਨੂੰ ਹੜ੍ਹ ਵਰਗੀ ਕਰੋਪੀ ਝੱਲਣੀ ਪਵੇਗੀ।