'ਆਓ ਪਲਾਸਟਿਕ ਮੁਕਤ ਪੰਜਾਬ ਬਣਾਈਏ' ਬੈਨਰ ਥੱਲੇ ਸੂਬਾ ਬਣੇਗਾ ਪਲਾਸਟਿਕ ਮੁਕਤ

Last Updated: Jul 12 2018 15:21

ਸ਼ਹਿਰ ਵਿੱਚ ਗੰਦਗੀ ਦਾ ਮੁੱਖ ਕਾਰਣ ਹਮੇਸ਼ਾ ਤੋਂ ਹੀ ਪਲਾਸਟਿਕ ਰਿਹਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਦੇ ਉਪਯੋਗ ਨੂੰ ਘਟਾਉਣ ਲਈ ਬਹੁਤ ਪਹਿਲਾਂ ਤੋਂ ਯਤਨ ਕੀਤੇ ਜਾ ਰਹੇ ਹਨ, ਪਰ ਬੋਰਡ ਵੀ ਇਸਦੇ ਇਸਤੇਮਾਲ ਨੂੰ ਰੋਕਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਓ ਪਲਾਸਟਿਕ ਮੁਕਤ ਪੰਜਾਬ ਬਣਾਈਏ ਬੈਨਰ ਥੱਲੇ ਸੂਬੇ ਨੂੰ ਪਲਾਸਟਿਕ ਮੁਕਤ ਬਣਾਉਣ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਮੁਹਿੰਮ ਦੀ ਸਫਲਤਾ ਨਾਲ ਜ਼ਿਲ੍ਹੇ ਵਿੱਚ ਪਾਣੀ ਦੀ ਨਿਕਾਸੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਵੀ ਕਾਫ਼ੀ ਹੱਦ ਤੱਕ ਹੋ ਜਾਵੇਗਾ ਇਹ ਬੋਰਡ ਦਾ ਦਾਅਵਾ ਹੈ।

ਪੀਪੀਸੀਬੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਬੈਨਰ ਥੱਲੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਜੂਟ ਜਾਂ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾਵੇਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਇਆ ਜਾਵੇਗਾ। ਭਾਵੇਂ ਕਿ ਮਹਾਰਾਣੀ ਪਰਨੀਤ ਕੌਰ ਵੱਲੋਂ ਵੀ ਗ੍ਰੀਨ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜ਼ੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਪ੍ਰਦੂਸ਼ਣ ਬੋਰਡ ਵੱਲੋਂ ਵੀ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਇਸ ਸਕੀਮ ਤਹਿਤ ਗਾਰਡੀਅਨ ਆਫ਼ ਗਵਰਨੈਂਸ, ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੁਵਾ ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮਿਲ ਕੇ ਕੰਮ ਕਰਨਗੇ। ਸੂਚਨਾ ਮੁਤਾਬਕ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਤੋਂ ਹੀ ਕਰ ਦਿੱਤੀ ਗਈ ਹੈ।