12 ਲੱਖ ਦੀ ਠੱਗੀ ਦਾ ਇੱਕ ਹੋਰ ਮੁਕੱਦਮਾ ਦਰਜ

Last Updated: Jul 12 2018 15:21

ਥਾਣਾ ਸਨੌਰ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ ਕੀਤਾ ਹੈ, ਜਿਸ ਅਨੁਸਾਰ ਵਿਦੇਸ਼ ਦੇ ਨਾਂਅ ਤੇ ਫ਼ੇਰ ਤੋਂ ਲੱਖਾਂ ਦੀ ਠੱਗੀ ਮਾਰੀ ਗਈ ਹੈ। ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲੈਣ ਦੇ ਮਾਮਲੇ ਤਹਿਤ ਪਲਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਪਿੰਡ ਸੂਤਰਾਂਨਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਜੋਕਿ ਫ਼ਿਲਹਾਲ ਫ਼ਰਾਰ ਹੈ ਅਤੇ ਪੁਲਿਸ ਨੇ ਉਸਦੀ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਸ਼ਿਕਾਇਤਕਰਤਾ ਗੁਰਤਿੰਦਰ ਸਿੰਘ ਪੁੱਤਰ ਜੋਗਾ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਰਜਾਲਾ ਦਾ ਕਹਿਣਾ ਹੈ ਕਿ ਉਹ ਦੋਵੇਂ ਕੈਨੇਡਾ ਜਾਣ ਦੇ ਇੱਛੁਕ ਸਨ ਤੇ ਉਨ੍ਹਾਂ ਨੂੰ ਕਿਸੇ ਏਜੰਟ ਦੀ ਤਲਾਸ਼ ਸੀ, ਜੋ ਕਿ ਜਲਦ ਤੋਂ ਜਲਦ ਉਨ੍ਹਾਂ ਦਾ ਵੀਜ਼ਾ ਲਵਾ ਦੇਵੇ ਤੇ ਉਨ੍ਹਾਂ ਦੀ ਮੁਲਾਕਾਤ ਪਲਵਿੰਦਰ ਕੌਰ ਨਾਲ ਹੋਈ, ਜਿਸ ਨੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਉਹ ਕੁਝ ਸਮੇਂ ਵਿੱਚ ਹੀ ਉਨ੍ਹਾਂ ਦੋਵਾਂ ਦਾ ਵੀਜ਼ਾ ਲਵਾ ਕੇ ਉਨ੍ਹਾਂ ਨੂੰ ਵਿਦੇਸ਼ ਰਵਾਨਾ ਕਰ ਦੇਵੇਗੀ। ਵੀਜ਼ਾ ਲਗਵਾਉਣ ਲਈ ਉਸਨੇ 6-6 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਪੈਸੇ ਉਸਦੇ ਹੱਥ ਲੱਗ ਗਏ ਤਾਂ ਉਹ ਪੈਸਿਆਂ ਨੂੰ ਹੜੱਪ ਕੇ ਬੈਠ ਗਈ। ਉਸਨੇ ਨਾ ਹੀ ਉਕਤ ਪੀੜਤਾਂ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਪੁਲਿਸ ਦੀ ਜਾਂਚ ਪੜਤਾਲ ਪਿੱਛੋਂ ਪਤਾ ਲੱਗਾ ਕਿ ਗੁਰਤਿੰਦਰ ਸਿੰਘ ਅਤੇ ਸਰਬਜੀਤ ਸਿੰਘ ਪਲਵਿੰਦਰ ਕੌਰ ਦੇ ਪਹਿਲੇ ਸ਼ਿਕਾਰ ਨਹੀਂ ਸਨ, ਸਗੋਂ ਹੋਰ ਲੋਕਾਂ ਨੂੰ ਵੀ ਠੱਗੀ ਮਾਰੀ ਹੈ ਤੇ ਉਨ੍ਹਾਂ ਦੇ ਪੈਸੇ ਵੀ ਦੱਬ ਚੁੱਕੀ ਹੈ।