ਪੀ.ਆਰ.ਟੀ.ਸੀ. ਵਾਲਿਆਂ ਨੇ ਕੀਤੀ ਜ਼ਿੰਦਾਬਾਦ ਮੁਰਦਾਬਾਦ!!

Last Updated: Jul 12 2018 15:07

ਪਟਿਆਲਾ ਦੇ ਬੱਸ ਸਟੈਂਡ 'ਤੇ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਅਤੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਨੇ ਆਪਣੀਆਂ ਚਿਰੋਕਣੀਆਂ ਲਮਕਦੀਆਂ ਆ ਰਹੀਆਂ ਹੱਕੀ ਮੰਗਾਂ ਮਨਵਾਉਣ ਦੇ ਲਈ ਮੈਨੇਜਮੈਂਟ ਦੇ ਖ਼ਿਲਾਫ਼ ਰੋਸ ਰੈਲੀ ਕੀਤੀ। ਰੈਲੀ ਦੇ ਦੌਰਾਨ ਯੂਨੀਅਨ ਨੇ ਮੈਨੇਜਮੈਂਟ ਦੇ ਬਰ ਖ਼ਿਲਾਫ਼ ਰੱਜ ਕੇ ਜ਼ਿੰਦਾਬਾਦ-ਮੁਰਦਾਬਾਦ ਕੀਤੀ।

ਰੈਲੀ ਦੀ ਪ੍ਰਧਾਨਗੀ ਗੁਰਵਿੰਦਰ ਸਿੰਘ ਗੋਲਡੀ, ਭਿੰਦਰ ਸਿੰਘ, ਦਲਜੀਤ ਸਿੰਘ, ਗੁਰਦੇਵ ਸਿੰਘ ਅਤੇ ਰਾਮ ਸਰੂਪ ਅਗਰਵਾਲ ਨੇ ਕੀਤੀ। ਮੁਲਾਜ਼ਮ ਆਗੂਆਂ ਨੇ ਮੈਨੇਜਮੈਂਟ ਨੂੰ ਤਾੜਨਾ ਕੀਤੀ ਕਿ, ਇੱਕ ਪਾਸੇ ਤਾਂ ਉਹ ਕਾਨੂੰਨੀ ਤੌਰ 'ਤੇ ਵਾਜਬ ਬਣਦੀਆਂ ਵਰਕਰਾਂ ਦੀਆਂ ਮੰਗਾਂ ਨੂੰ ਡਿਕਟੇਟਰਾਨਾਂ ਢੰਗ ਨਾਲ ਪੈਰਾਂ ਥੱਲੇ ਰੋਲਦੇ ਹੋਏ ਸੰਵਿਧਾਨ, ਕਾਨੂੰਨ, ਲੋਕਤੰਤਰ ਅਤੇ ਪ੍ਰਬੰਧਕੀ ਮਿਆਰਾਂ ਦੀਆਂ ਧੱਜੀਆਂ ਉਡਾ ਰਹੀ ਹੈ ਜਦਕਿ ਦੂਜੇ ਪਾਸੇ ਟਰੇਡ ਯੂਨੀਅਨ ਦੇ ਧਰਨੇ, ਮੁਜ਼ਾਹਰੇ ਕਰਨ ਦੇ ਹੱਕ ਨੂੰ ਕੁਚਲਨ ਲਈ ਵਰਕਰਾਂ ਨੂੰ ਦਬਕੇ ਤੇ ਧਮਕੀਆਂ ਦੇ ਰਹੀ ਹੈ।

ਆਗੂਆਂ ਦਾ ਕਹਿਣਾ ਹੈ ਕਿ ਰੈਲੀ ਤੋਂ ਪਹਿਲਾਂ ਮੈਨੇਜਮੈਂਟ ਨੇ ਕਈਆਂ ਨੂੰ ਧਮਕੀ ਦਿੱਤੀ ਸੀ ਕਿ, ਜਿਹੜਾ ਵੀ ਰੈਲੀ ਵਿੱਚ ਭਾਗ ਲਵੇਗਾ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ, ਕਿਰਤੀਆਂ ਦੇ ਹੱਕਾਂ 'ਤੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਹੈ, ਉਹ ਹੁਣ ਹੋਰ ਜ਼ਿਆਦਾ ਦੇਰ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਦਾ ਕਹਿਣਾ ਹੈ ਕਿ, ਅਗਰ ਮੈਨੇਜਮੈਂਟ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਈ ਤਾਂ ਪਿਛਲੇ ਸਮੇਂ ਦੇ ਦੌਰਾਨ ਪ੍ਰਬੰਧਕੀ ਤੌਰ ਤੇ ਜਿੰਨੀਆਂ ਵੀ ਬੇਨਿਯਮੀਆਂ ਹੋਈਆਂ ਹਨ ਉਨ੍ਹਾਂ ਨੂੰ ਬੇਪਰਦਾ ਕਰਕੇ ਸਫ਼ਦਪੋਸ਼ਾਂ ਦਾ ਅਸਲ ਚਿਹਰਾ ਨੰਗਾ ਕੀਤਾ ਜਾਵੇਗਾ।