ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਤੋਂ ਪਹਿਲਾਂ ਸ਼ਹਿਰ ਵਿਖੇ ਖ਼ਤਮ ਹੋਈ ਟ੍ਰੈਫਿਕ ਸਮੱਸਿਆ

Last Updated: May 14 2019 17:43
Reading time: 1 min, 24 secs

ਟ੍ਰੈਫਿਕ ਦੀ ਸਮੱਸਿਆ ਦੇ ਨਾਲ ਪ੍ਰੇਸ਼ਾਨ ਸ਼ਹਿਰ ਦੇ ਲੋਕਾਂ ਨੂੰ ਅੱਜ ਕੁਝ ਸਮੇਂ ਲਈ ਹੀ ਸਹੀ ਪਰ ਟ੍ਰੈਫਿਕ ਦੀ ਸਮੱਸਿਆ ਨਾਲ ਪ੍ਰੇਸ਼ਾਨ ਨਹੀਂ ਹੋਣਾ ਪਿਆ, ਵਜ੍ਹਾ ਹੈ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦਾ ਸ਼ਹਿਰ ਵਿਖੇ ਰੋਡ ਸ਼ੋਅ ਹੋਣਾ। ਜਿਸ ਵਜ੍ਹਾ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਸ਼ਹਿਰ ਵਿਖੇ ਨਜਾਇਜ਼ ਕਬਜ਼ਿਆਂ ਦੀ ਵਜ੍ਹਾ ਨਾਲ ਤੰਗ ਹੋ ਚੁੱਕੇ ਬਾਜ਼ਾਰਾਂ ਨੂੰ ਖੁਲ੍ਹਵਾ ਦਿੱਤਾ ਗਿਆ ਅਤੇ ਨਜਾਇਜ਼ ਕਬਜ਼ੇ ਹਟਵਾ ਦਿੱਤੇ ਗਏ। ਪੁਲਿਸ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਵਜ੍ਹਾ ਨਾਲ ਸ਼ਹਿਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕੀਤਾ ਹੈ। ਸ਼ਹਿਰ ਵਿਖੇ ਘੱਟ ਹੋਈ ਟ੍ਰੈਫਿਕ ਸਮੱਸਿਆ ਦੇ ਚੱਲਦੇ ਜਦ ਇਸ ਸਬੰਧੀ ਸ਼ਹਿਰ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਸਥਾਨਕ ਲੋਕਾਂ ਨੇ ਕਿਹਾ ਕਿ ਪਠਾਨਕੋਟ ਸ਼ਹਿਰ ਵਿਖੇ ਟ੍ਰੈਫਿਕ ਦੀ ਬਹੁਤ ਹੀ ਸਮੱਸਿਆ ਹੈ ਅਤੇ ਅਕਸਰ ਹੀ ਲੋਕਾਂ ਨੂੰ ਟ੍ਰੈਫਿਕ ਦੀ ਵਜ੍ਹਾ ਨਾਲ ਪ੍ਰੇਸ਼ਾਨ ਹੋਣਾ ਪੈਂਦਾ ਹੈ ਪਰ ਅੱਜ ਸ਼ਹਿਰ ਵਿਖੇ ਕਾਂਗਰਸ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੇ ਚੱਲਦੇ ਜ਼ਿਲ੍ਹਾ ਪੁਲਿਸ ਸਵੇਰ ਤੋਂ ਹੀ ਪੁਰੀ ਤਰ੍ਹਾਂ ਮੁਸ਼ਤੈਦ ਹੈ।

ਸ਼ਹਿਰ ਵਿਖੇ ਜਿੱਥੇ ਅਕਸਰ ਜਾਮ ਜਿਹਾ ਮਾਹੌਲ ਰਹਿੰਦਾ ਹੈ ਉੱਥੇ ਅੱਜ ਟ੍ਰੈਫਿਕ ਦੀ ਕੋਈ ਵੀ ਸਮੱਸਿਆ ਨਹੀਂ ਹੈ। ਲੋਕਾਂ ਨੇ ਕਿਹਾ ਕਿ ਅੱਗੇ ਪਿੱਛੇ ਜਦ ਵੀ ਟ੍ਰੈਫਿਕ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਪਾਰਕਿੰਗ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਆਪਣੀ ਮਜਬੂਰੀ ਗਿਣਵਾ ਦਿੱਤੀ ਜਾਂਦੀ ਹੈ ਪਰ ਅੱਜ ਬੀ.ਆਈ.ਪੀ ਦੇ ਰੋਡ ਸ਼ੋਅ ਦੇ ਚੱਲਦੇ ਸਵੇਰ ਤੋਂ ਹੀ ਟ੍ਰੈਫਿਕ ਵਿਵਸਥਾ ਪੁਰੀ ਤਰ੍ਹਾਂ ਸੁਚਾਰੂ ਹੈ। ਇਸ ਮੌਕੇ ਲੋਕਾਂ ਨੇ ਪਹਿਲਾਂ ਤਾਂ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਵਜ੍ਹਾ ਨਾਲ ਕੁਝ ਸਮਾਂ ਹੀ ਸਹੀ ਪਰ ਉਨ੍ਹਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੀ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਤੇ ਨਿਸ਼ਾਨਾ ਲਗਾਉਂਦੇ ਹੋਏ ਲੋਕਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪੁਲਿਸ ਇਸੇ ਤਨਦੇਹੀ ਨਾਲ ਕੰਮ ਕਰੇ ਤਾਂ ਸ਼ਹਿਰ ਵਿਖੇ ਟ੍ਰੈਫਿਕ ਦੀ ਸਮੱਸਿਆ ਖ਼ਤਮ ਹੋ ਸਕਦੀ ਹੈ।