ਚੋਣ ਪ੍ਰਚਾਰ ਦੌਰਾਨ ਜਾਖੜ ਨੇ ਮੋਦੀ ਸਰਕਾਰ ਨੂੰ ਘੇਰਿਆ

Last Updated: May 14 2019 12:12
Reading time: 1 min, 52 secs

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਚੋਣ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਮੋਦੀ ਰਾਸ਼ਟਰਵਾਦ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸਣ ਕਿ ਭਾਜਪਾ ਦੀ ਦੇਸ਼ ਲਈ ਕੁਰਬਾਨੀ ਕੀ ਹੈ। ਜਾਖੜ ਨੇ ਕਿਹਾ ਕਿ ਮੋਦੀ ਅਤੇ ਅਮਿੱਤ ਸ਼ਾਹ ਦੀ ਜੋੜੀ ਨੇ ਦੇਸ਼ ਵਿੱਚ ਰਾਸ਼ਟਰਵਾਦ ਦਾ ਰਾਗ ਤਾਂ ਰੱਜ ਕੇ ਅਲਾਪਿਆ ਹੈ ਪਰ ਕੋਈ ਨਹੀਂ ਦੱਸ ਰਿਹਾ ਕਿ ਭਾਜਪਾ ਨੇਤਾਵਾਂ ਦੀ ਕਦੇ ਦੇਸ਼ ਲਈ ਇੱਕ ਤੁਪਕਾ ਵੀ ਖ਼ੂਨ ਦਾ ਵਹਾਇਆ ਹੋਵੇ। ਜਾਖੜ ਨੇ ਕਿਹਾ ਕਿ ਨਰਿੰਦਰ ਮੋਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ, ਰੋਜ਼ਗਾਰ ਦੀ ਗੱਲ ਨਹੀਂ ਕਰਦੇ, ਕਿਸਾਨਾਂ ਦੀ ਭਲਾਈ ਦੀ ਗੱਲ ਨਹੀਂ ਕਰਦੇ, ਡੀਜ਼ਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੀ ਗੱਲ ਨਹੀਂ ਕਰਦੇ, ਨੋਟਬੰਦੀ ਤੋਂ ਹੋਏ ਕਥਿਤ ਫ਼ਾਇਦੇ ਦੀ ਗੱਲ ਨਹੀਂ ਕਰਦੇ, 15 ਲੱਖ ਦੇਣ ਦੀ ਗੱਲ ਨਹੀਂ ਕਰਦੇ ਪਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਰਾਸ਼ਟਰਵਾਦ ਦਾ ਢੌਂਗ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਪੰਜ ਸਾਲਾਂ ਚ ਆਪਣੇ ਕੀਤੇ ਕੰਮਾਂ ਦੀ ਜਵਾਬਦੇਹੀ ਦੇਸ਼ ਨੂੰ ਕਿਉਂ ਨਹੀਂ ਦਿੰਦੇ। ਮੋਦੀ ਨੇ ਗ਼ਰੀਬਾਂ ਦੇ ਨਾ ਤੇ ਵੋਟ ਲਿਆ ਸੀ ਜਦਕਿ ਪਿਛਲੇ 5 ਸਾਲਾਂ ਵਿੱਚ ਦੇਸ਼ ਅੰਦਰ ਸਭ ਤੋਂ ਜ਼ਿਆਦਾ ਗ਼ਰੀਬੀ ਅਤੇ ਬੇਰੁਜ਼ਗਾਰੀ ਵਧੀ। ਜਾਖੜ ਨੇ ਅੱਗੇ ਕਿਹਾ ਕਿ ਭਾਜਪਾ ਕਿਹੜੇ ਰਾਸ਼ਟਰਵਾਦ ਦੀ ਗੱਲ ਕਰਦੀ ਹੈ। ਚੌਕੀਦਾਰ ਕਹਾਉਣ ਵਾਲੇ ਉਦੋਂ ਕਿੱਥੇ ਸੀ ਜਦੋਂ ਪੁਲਵਾਮਾ ਵਿੱਚ ਸਾਡੇ 40 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਨੇ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਹੋਣੀ ਹੀ ਨਹੀਂ ਚਾਹੀਦੀ ਸੀ। ਪਠਾਨਕੋਟ ਏਅਰਬੇਸ ਦੇ ਹਮਲੇ ਸਮੇਂ ਚੌਕੀਦਾਰ ਨੇ ਖ਼ੁਦ ਆਪ ਆਈ.ਐਸ.ਆਈ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਸੀ। ਜਾਖੜ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 10 ਮਹੀਨੇ ਵਿੱਚ ਹੀ ਪੈਪਸੀਕੋ ਦਾ ਪਲਾਂਟ ਬਣਵਾ ਕੇ ਉਸ ਦੇ ਪਹਿਲੇ ਫ਼ੇਜ਼ ਨੂੰ ਚਾਲੂ ਵੀ ਕਰਵਾ ਦਿੱਤਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਹਜ਼ਾਰਾਂ ਲੋਕਾਂ ਨੂੰ ਸਿੱਧੇ ਜਾਂ ਸਿੱਧੇ ਢੰਗ ਨਾਲ ਰੁਜ਼ਗਾਰ ਮਿਲੇਗਾ। ਇਸ ਸਰਹੱਦੀ ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਜੇ ਮੋਦੀ ਸਿਆਣੇ ਹੁੰਦੇ ਤਾਂ ਸ਼ਾਂਤੀ ਦੀ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ ਸਾਡਾ ਗਵਾਂਢੀ ਮੁਲਕ ਚਾਹੇ ਮਾੜਾ ਹੈ ਪਰ ਜੇ ਹਰ ਸਮੇਂ ਇੱਥੇ ਟੈਂਕਾਂ ਤੇ ਤੋਪ ਖੜੇ ਰਹਿਣਗੇ ਤਾਂ ਕੌਣ ਇੱਥੇ ਆ ਕੇ ਸਰਹੱਦੀ ਇਲਾਕੇ ਵਿੱਚ ਨਿਵੇਸ਼ ਕਰੇਗਾ, ਕੌਣ ਇੱਥੇ ਆਪਣੇ ਉਦਯੋਗ ਲਗਾਏਗਾ। ਅਖੀਰ ਵਿੱਚ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਉਸ ਉਮੀਦਵਾਰ ਨੂੰ ਦੇਣਾ ਜਿਸ ਨੂੰ ਕੰਮ ਦੀ ਸਮਝ ਹੋਵੇ ਅਤੇ ਕੰਮ ਕਰਵਾਉਣੇ ਜਾਣਦਾ ਹੋਵੇ।