ਖੇਤਾਂ ਨੂੰ ਠੰਢਿਆਂ ਕਰਨ ਦੇ ਨਾਮ ਤੇ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ : ਡਾ. ਅਮਰੀਕ ਸਿੰਘ

Last Updated: May 13 2019 19:02
Reading time: 1 min, 55 secs

ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਫ਼ਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਦੀ ਮਹੱਤਤਾ, ਕਣਕ ਦੇ ਨਾੜ ਨੂੰ ਨਾ ਸਾੜਨ ਅਤੇ ਖੇਤਾਂ ਦੀ ਮਿੱਟੀ ਪਰਖ ਕਰਨ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਸਿੰਬਲੀ ਰਾਈਆਂ ਬਲਾਕ ਪਠਾਨਕੋਟ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਅਤੇ ਮਿੱਟੀ ਦੇ ਨਮੂਨੇ ਇਕੱਤਰ ਕੀਤੇ ਗਏ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤਾਂ ਨੂੰ ਠੰਢਿਆਂ ਕਰਨ ਦੇ ਨਾਮ ਤੇ ਖੇਤਾਂ ਵਿੱਚ ਜ਼ਮੀਨ ਹੇਠੋਂ ਟਿਊਬਵੈਲਾਂ ਰਾਹੀਂ ਪਾਣੀ ਲਗਾਇਆ ਜਾ ਰਿਹਾ ਹੈ, ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦਾ ਨਾੜ ਖੇਤ ਵਿੱਚ ਵਾਹਿਆ ਹੈ ਤਾਂ ਨਾੜ ਨੂੰ ਗਾਲਣ ਵਾਸਤੇ ਪਾਣੀ ਲਾਉਣਾ ਠੀਕ ਹੈ ਪਰ ਜੇਕਰ ਨਾੜ ਅੱਗ ਲਗਾ ਕੇ ਸਾੜ ਦਿੱਤਾ ਗਿਆ ਹੈ ਤਾਂ ਖੇਤਾਂ ਵਿੱਚ ਪਾਣੀ ਛੱਡਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਵੱਡੀ ਪੱਧਰ ਤੇ ਪਾਣੀ ਦੀ ਬਰਬਾਦੀ ਵੱਧ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਵੱਲੋਂ ਦੇਸੀ ਰੂੜੀ ਦੀ ਵਰਤੋਂ ਕਰਨ ਦੇ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹ ਦਿੱਤਾ ਜਾਂਦਾ ਸੀ ਜਿਸ ਨਾਲ ਜ਼ਮੀਨ ਵਿੱਚ ਖੁਰਾਕੀ ਤੱਤਾਂ ਦਾ ਸੰਤੁਲਨ ਬਣਿਆ ਰਹਿੰਦਾ ਸੀ ਪਰ, ਹੁਣ ਦੇਸੀ ਰੂੜੀ ਦੀ ਘਾਟ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਨ ਨਾਲ ਜ਼ਮੀਨ ਵਿੱਚ ਖੁਰਾਕੀ ਤੱਤਾਂ ਦਾ ਸੰਤੁਲਨ ਵਿਗੜ ਗਿਆ ਹੈ, ਜਿਸ ਕਾਰਨ ਪੰਜਾਬ ਦੇ ਖੇਤਾਂ ਵਿੱਚ ਛੋਟੇ ਖੁਰਾਕੀ ਤੱਤਾਂ ਦੀ ਘਾਟ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਖੇਤ ਦੀ ਉਤਪਾਦਨ ਸ਼ਕਤੀ ਵੱਖਰੀ ਹੁੰਦੀ ਹੈ ਪਰ ਕਿਸਾਨਾਂ ਵੱਲੋਂ ਆਮ ਕਰਕੇ ਸਿਫਾਰਸ਼ਾਂ ਦੇ ਉਲਟ ਜ਼ਰੂਰਤ ਤੋਂ ਜ਼ਿਆਦਾ ਜਾਂ ਘੱਟ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਫ਼ਸਲਾਂ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ, ਉਚਿਤ ਸਮੇਂ ਤੇ ਅਤੇ ਸੁਚੱਜੇ ਤਰੀਕੇ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੀ ਵਰਤੋਂ ਮਿੱਟੀ ਸਿਹਤ ਕਾਰਡ ਵਿੱਚ ਦਰਸਾਏ ਨਤੀਜਿਆਂ ਅਨੁਸਾਰ ਕਰਨ ਨਾਲ ਜ਼ਮੀਨ ਦੀ ਸਿਹਤ ਸੁਧਾਰਨ ਦੇ ਨਾਲ-ਨਾਲ ਖੇਤੀ ਲਾਗਤ ਖ਼ਰਚੇ ਵੀ ਘਟਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਸਾੜਨ ਦੀ ਬਿਜਾਏ ਖੇਤਾਂ ਵਿੱਚ ਵਾਹ ਦਿੱਤਾ ਜਾਵੇ ਤਾਂ ਜੋ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਾੜ ਨੂੰ ਖੇਤਾਂ ਵਿੱਚ ਵਾਹ ਕੇ ਹਰੀ ਖਾਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਫਲਤਾ ਪੂਰਵਕ ਕਾਸ਼ਤ ਲਈ ਸਿਫਾਰਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ।