ਨਗਰ ਨਿਗਮ ਪਠਾਨਕੋਟ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕੱਢੀ ਜਾਗਰੂਕਤਾ ਰੈਲੀ

Last Updated: Jul 12 2018 19:06

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ "ਮਿਸ਼ਨ ਤੰਦਰੁਸਤ ਪੰਜਾਬ" ਤਹਿਤ ਡਿਪਟੀ ਕਮਿਸ਼ਨਰ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਪਠਾਨਕੋਟ ਵੱਲੋਂ ਅੱਜ ਸ਼ਹਿਰ ਅੰਦਰ ਇੱਕ ਜਾਗਰੂਕਤਾ ਰੈਲੀ ਹੈਲਥ ਅਫ਼ਸਰ ਐਨ.ਕੇ. ਸਿੰਘ ਅਤੇ ਜਾਨੂ ਚਲੋਤਰਾ ਸੀ.ਐਸ.ਆਈ. ਦੀ ਪ੍ਰਧਾਨਗੀ ਵਿੱਚ ਕੱਢੀ ਗਈ। ਜਿਸ ਵਿੱਚ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਭਾਗ ਲਿਆ। ਜਾਗਰੂਕਤਾ ਰੈਲੀ ਦੌਰਾਨ ਵਿਦਿਆਰਥਣਾਂ ਵੱਲੋਂ ਬਣਾਏ ਹੋਏ ਜੂਟ ਦੇ ਬੈਗ ਲੋਕਾਂ ਨੂੰ ਦਿੱਤੇ ਗਏ ਅਤੇ ਲੋਕਾਂ ਨੂੰ ਪਾਲੀਥਿਨ ਦੇ ਬੈਗ ਨਾ ਪ੍ਰਯੋਗ ਕਰਨ ਲਈ ਜਾਗਰੂਕ ਕੀਤਾ ਗਿਆ। 

ਡਾ. ਐਨ.ਕੇ. ਸਿੰਘ ਨੇ ਦੱਸਿਆ ਕਿ ਅੱਜ ਨਗਰ ਨਿਗਮ ਪਠਾਨਕੋਟ ਵੱਲੋਂ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਲੀਥਿਨ ਬੈਗ ਜੋ ਕਿ ਗਲਦਾ ਨਹੀਂ ਹੈ ਅਤੇ ਜਿਆਦਾ ਪ੍ਰਦੂਸ਼ਣ ਫੈਲਾਉਂਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਅਸੀਂ ਤਦ ਹੀ ਤੰਦਰੁਸਤ ਰੱਖ ਸਕਦੇ ਹਾਂ ਅਗਰ ਅਸੀਂ ਜਾਗਰੂਕ ਹੋਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪ੍ਰਣ ਕਰਨਾ ਹੋਵੇਗਾ ਕਿ ਅਸੀਂ ਪਾਲੀਥਿਨ ਦੇ ਬੈਗ ਦਾ ਪ੍ਰਯੋਗ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪਾਲੀਥਿਨ ਜੋ ਕਿ ਸੀਵਰੇਜ ਵਿੱਚ ਜਾ ਕੇ ਸੀਵਰੇਜ ਬਲਾਕ ਕਰਦਾ ਹੈ ਅਤੇ ਸੀਵਰੇਜ ਬਲਾਕ ਹੋਣ ਨਾਲ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਇਸ ਮੁਹਿੰਮ ਦਾ ਭਾਗੀਦਾਰ ਹੋ ਸਕਦਾ ਹੈ, ਹਰੇਕ ਵਿਦਿਆਰਥੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਆਪਣੇ ਘਰ, ਗਲੀ ਅਤੇ ਮੁਹੱਲੇ ਅੰਦਰ ਲੋਕਾਂ ਨੂੰ ਵੀ ਜਾਗਰੂਕ ਕਰਨ।