ਸਕਾਚ ਫਾਊਂਡੇਸ਼ਨ ਗੁਰੂਗਰਾਮ ਵੱਲੋਂ ਕਰਵਾਏ ਗਏ ਮੁਕਾਬਲਿਆਂ 'ਚ ਪਠਾਨਕੋਟ ਪ੍ਰਸ਼ਾਸਨ ਨੇ ਮਾਰੀਆਂ ਮਲਾਂ

Last Updated: Jul 12 2018 18:25

ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਸਿੱਖਿਆ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਅਵਾਰਡ 2018 ਲਈ ਨਾਮਜ਼ਦ ਹੋਏ ਸਨ ਸਾਰੇ ਪ੍ਰੋਜੈਕਟਾਂ ਨੂੰ 8 ਅਵਾਰਡ ਆਫ ਮੈਰਿਟ ਅਤੇ ਇੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ੇਸ਼ ਤੌਰ ਤੇ ਗੋਲਡ ਸਕਾਚ ਆਰਡਰ ਆਫ ਮੈਰਿਟ ਮਿਲੇ ਹਨ ਜਿਸ ਨਾਲ ਜ਼ਿਲ੍ਹਾ ਪਠਾਨਕੋਟ ਦਾ ਨਾਮ ਉੱਚਾ ਹੋਇਆ ਹੈ ਅਤੇ ਜ਼ਿਲ੍ਹਾ ਪਠਾਨਕੋਟ ਕੁੱਲ 14 ਅਵਾਰਡ ਜਿੱਤ ਕੇ ਪੰਜਾਬ ਅੰਦਰ ਮੋਹਰੀ ਜ਼ਿਲ੍ਹਾ ਬਣਿਆ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨੀਲਿਮਾ ਨੇ ਦੱਸਿਆਂ ਕਿ ਜ਼ਿਲ੍ਹਾ ਪਠਾਨਕੋਟ ਵੱਲੋਂ ਸਕਾਚ ਆਰਡਰ ਆਫ ਮੈਰਿਟ ਲਈ ਤਿੰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਤਿੰਨ ਸਿੱਖਿਆ ਵਿਭਾਗ ਨਾਲ ਸਬੰਧਿਤ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ, ਜਿੰਨਾਂ ਦੀ ਪੇਸ਼ਕਾਰੀ ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪਾਲਸੀ ਦੇ ਆਡੀਟੋਰੀਅਮ ਵਿੱਚ ਮਿਤੀ 15 ਮਈ ਨੂੰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਕੁੱਲ 3200 ਨਾਮਜ਼ਦਗੀਆਂ ਵਿੱਚੋਂ 1200 ਨੂੰ ਪੇਸ਼ਕਾਰੀ ਲਈ ਚੋਣ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਚੋਣ ਲਈ ਮਿਤੀ 22 ਮਈ ਤੋਂ 25 ਮਈ ਤੱਕ ਵੋਟਿੰਗ ਕੀਤੀ ਗਈ ਸੀ ਜਿਸ ਵਿੱਚੋਂ 900 ਨਾਮਜ਼ਦਗੀਆਂ ਆਖਰੀ ਦੌਰ ਵਿੱਚ ਪਹੁੰਚੀਆ ਸਨ ਅਤੇ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਿਤ ਸਾਰੀਆਂ 6 ਨਾਮਜ਼ਦਗੀਆਂ ਅਵਾਰਡ ਆਫ ਮੈਰਿਟ ਲਈ ਚੁਣ ਲਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਵਾਰਡ ਆਫ ਮੈਰਿਟ ਪ੍ਰਾਪਤ ਕਰਨ ਲਈ ਬਲਾਕ ਖੇਤੀਬਾੜੀ ਅਫ਼ਸਰ ਪਠਾਨਕੋਟ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ 4 ਮੈਂਬਰੀ ਟੀਮ (ਸਕਾਲਰ ਅਮਨ ਠਾਕੁਰ, ਨੀਰਜ ਸ਼ਰਮਾ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾ ਅਤੇ ਨੀਤੂ ਪ੍ਰਸ਼ਾਦ ਆਈ.ਟੀ. ਮਾਹਿਰ) ਦਿੱਲੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਝੋਨੇ ਪਰਾਲੀ ਦੀ ਸੰਭਾਲ ਨਾਮਜ਼ਦਗੀ ਨੂੰ ਦੋ ਗੋਲਡ, ਫਾਰਮ ਸਕੂਲ ਨੂੰ ਗੋਲਡ, ਖੇਤੀ ਪਸਾਰ ਸੇਵਾਵਾਂ ਵਿੱਚ ਸੋਸ਼ਲ ਮੀਡੀਆ ਦਾ ਯੋਗਦਾਨ ਨੂੰ ਪਾਇਲਟ, ਈ ਬਸਤਾ ਨੂੰ ਦੋ ਗੋਲਡ, ਮਿਸ਼ਨ ਰੀਅਡਮਿਸ਼ਨ ਨੂੰ ਤਾਂਬਾ, ਕੰਪਿਊਟਰ ਸਿੱਖਿਆ ਅਭਿਆਨ ਨੂੰ ਗੋਲਡ ਮੈਰਿਟ ਆਫ ਅਵਾਰਡ ਪ੍ਰਾਪਤ ਹੋਏ ਹਨ।

ਉਨ੍ਹਾਂ ਦੱਸਿਆਂ ਕਿ ਪਿਛਲੇ ਦੋ ਸਾਲਾਂ ਦੌਰਾਨ 14 ਸਕਾਚ ਆਰਡਰ ਆਫ ਮੈਰਿਟ ਜਿੱਤ ਕੇ ਜ਼ਿਲ੍ਹਾ ਪਠਾਨਕੋਟ ਦੇਸ਼ ਭਰ ਵਿੱਚ ਪੰਜਵੇਂ ਸਥਾਨ ਤੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਵਿਸ਼ੇਸ਼ ਗੋਲਡ ਆਰਡਰ ਆਫ ਮੈਰਿਟ ਮਿਲਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮੂਹ ਯੰਗ ਇੰਨੋਵੇਟਿਵ ਫਾਰਮਰਜ ਵਟਸਐਪ ਸਮੂਹ ਦੇ ਸਮੂਹ ਮੈਂਬਰਾਂ ਦਾ ਵੋਟਿੰਗ ਕਰਨ ਲਈ ਧੰਨਵਾਦ ਕੀਤਾ ਅਤੇ ਸਮੁੱਚੀ ਪਠਾਨਕੋਟ ਪ੍ਰਾਗਰੈਸਿਵ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਾਗਰੈਸਿਵ ਪਠਾਨਕੋਟ ਦੀ ਟੀਮ ਨੇ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ 14 ਸਕਾਚ ਅਵਾਰਡ ਜਿੱਤ ਕੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸਕਾਚ ਫਾਊਂਡੇਸ਼ਨ ਗੁਰੂਗਰਾਮ ਹਰਿਆਣਾ ਸਮੂਹ ਵੱਲੋਂ ਹਰ ਸਾਲ ਕਰਵਾ ਕੇ ਦੇਸ਼ ਭਰ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਬੇਹਤਰ ਲੋਕ ਭਲਾਈ ਕੰਮਾਂ ਦੀ ਚੋਣ ਕਰਕੇ ਇਨਾਮ ਦਿੱਤੇ ਜਾਂਦੇ ਹਨ।