ਆਂਗਣਵਾੜੀ ਵਰਕਰਾਂ ਨੇ ਤਨਖ਼ਾਹ ਵਧਾਉਣ ਲਈ ਕੀਤਾ ਪ੍ਰਦਰਸ਼ਨ

Last Updated: Jul 12 2018 17:51

ਭਾਰਤੀ ਮਜ਼ਦੂਰ ਸੰਗ ਨਾਲ ਸਬੰਧਿਤ ਅਖਿਲ ਭਾਰਤੀ ਆਂਗਣਵਾੜੀ ਮੁਲਾਜ਼ਮ ਮਹਾਸੰਗ ਵੱਲੋਂ ਪ੍ਰਧਾਨ ਸ਼ੀਤਲ ਸ਼ਰਮਾ ਦੀ ਅਗੁਆਈ ਹੇਠ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੇ ਆਂਗਣਵਾੜੀ ਮੁਲਾਜ਼ਮਾਂ ਅਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ, ਸਰਕਾਰੀ ਮੁਲਾਜ਼ਮ ਐਲਾਨੇ ਜਾਨ ਤੱਕ ਆਂਗਣਵਾੜੀ ਵਰਕਰ ਨੂੰ 18 ਹਜ਼ਾਰ ਅਤੇ ਹੈਲਪਰ ਨੂੰ 9 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ, ਮਿੰਨੀ ਆਂਗਣਵਾੜੀ ਕੇਂਦਰ 'ਚ ਕਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਕੇਂਦਰਾਂ 'ਚ ਤੈਨਾਤ ਮੁਲਾਜ਼ਮਾਂ ਜਿਨੀ ਤਨਖ਼ਾਹ ਦਿੱਤੀ ਜਾਵੇ, ਸਮਾਜਕ ਸੁਰੱਖਿਆ ਦੇ ਲਿਹਾਜ ਨਾਲ ਆਂਗਣਵਾੜੀ ਮੁਲਾਜ਼ਮਾਂ ਨੂੰ ਪੀ.ਐਫ, ਪੈਨਸ਼ਨ, ਗ੍ਰੇਜੀਉਟੀ ਅਤੇ ਮੈਡੀਕਲ ਸੁਵਿਧਾ ਦਿੱਤੀ ਜਾਵੇ, ਬੀਮੇਂ ਰਾਹੀਂ ਮਿਲਣ ਵਾਲੇ ਲਾਭ ਦੀ ਰਾਸ਼ੀ ਵਧਾਈ ਜਾਵੇ, ਮਹੀਨਾਵਰ ਰਿਪੋਰਟ ਭੇਜਣ ਦਾ ਖਰਚ ਦਿੱਤਾ ਜਾਵੇ, ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਉਮਰ ਦੇ ਹਿਸਾਬ ਨਾਲ ਨਹੀਂ ਬਲਕਿ ਸੀਨੀਓਰਟੀ ਦੇ ਹਿਸਾਬ ਨਾਲ ਤਰੱਕੀ ਦਿੱਤੀ ਜਾਵੇ, ਸੁਪਰਵਾਈਜਰ ਦੀਆਂ ਖਾਲੀ ਪਇਆਂ ਅਸਾਮੀਆਂ ਨੂੰ ਭਰਿਆ ਜਾਵੇ, ਪਿਛਲੇ 15 ਸਾਲਾਂ ਤੋਂ ਕਮ ਕਰ ਰਹੇ ਮੁਲਾਜ਼ਮਾਂ ਨੂੰ ਵਾਧੂ ਮਾਨ ਭੱਤਾ ਦੇਣ ਦਾ ਪ੍ਰਬੰਧ ਕੀਤਾ ਜਾਵੇ, ਮਿਡ-ਡੇ-ਮਿਲ ਅਤੇ ਮਾਨਭੱਤੇ ਦਾ ਭੁਗਤਾਨ ਹਰ ਮਹੀਨੇ ਯਕੀਨੀ ਬਣਾਇਆ ਜਾਵੇ, ਦੂਰ ਦਰਾਡੇ ਦੇ ਇਲਾਕਿਆਂ 'ਚ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਹਾਰਡ ਡਿਊਟੀ ਅਲਾਉਂਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮੰਗਾਂ ਨੂੰ ਪ੍ਰਵਾਨਗੀ ਨਾ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਯੂਨੀਅਨ ਦੇ ਵਫਦ ਵੱਲੋਂ ਡੀਸੀ ਪਠਾਨਕੋਟ ਨੂੰ ਮੁੱਖਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ।