ਬਿਜਲੀ ਕੱਟਾਂ ਦੇ ਚਲਦੇ ਲੋਕਾਂ ਨੇ ਜਤਾਇਆ ਰੋਸ

Last Updated: Jul 12 2018 14:57

ਪਿਛਲੇ ਇੱਕ ਹਫ਼ਤੇ ਤੋਂ ਕੰਢੀ ਖੇਤਰ ਦੇ ਪਿੰਡ ਸ਼ਾਹਪੁਰ ਕੰਢੀ, ਅਦਿਆਲ, ਛੰਨੀ ਮੁਆਲਾ, ਜੁਗਿਆਲ ਸਣੇ ਹੋਰਨਾਂ ਪਿੰਡਾਂ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਚਲਦੇ ਸਥਾਨਕ ਲੋਕਾਂ ਨੇ 3 ਘੰਟੇ ਤੱਕ ਜੁਗਿਆਲ ਦਾ ਬੈਰੀਅਲ ਰੋਡ ਜਾਮ ਰੱਖਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਿਰਾ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ ਦੇ ਪਿੰਡਾਂ ਵਿੱਚ ਬਿਨਾਂ ਦੱਸੇ ਬਿਜਲੀ ਦੇ ਕੱਟ ਲੱਗ ਰਹੇ ਹਨ। ਰੋਜ਼ ਰਾਤ ਨੂੰ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਜਿਸ ਵਜ੍ਹਾ ਨਾਲ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਨੂੰ ਪੰਜਾਬ ਸਰਕਾਰ ਦੇ ਘੱਟ ਗਿਣਤੀ ਮੋਰਚੇ ਦੇ ਚੇਅਰਮੈਨ ਮੁਨਾਵਰ ਮਸੀਹ ਨੇ ਵੀ ਸਮਰਥਨ ਦਿੱਤਾ ਅਤੇ ਕਿਹਾ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਆਉਣ ਦੇ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਪਰ ਸੂਬਾ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਪ੍ਰਭਾਵਿਤ ਇਹਨਾਂ ਪਿੰਡਾਂ ਨੂੰ ਪਹਿਲਾਂ ਡੈਮ ਪਰਿਯੋਜਨਾ ਦੇ ਸਬ ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਸੀ, ਪਰ ਡੈਮ ਪ੍ਰਸ਼ਾਸਨ ਨੇ ਆਪਣੀ ਬਿਜਲੀ ਚੋਰੀ ਨੂੰ ਲੁਕੋਣ ਲਈ ਇਹਨਾਂ ਪਿੰਡਾਂ ਦੀ ਬਿਜਲੀ ਉਕਤ ਸਬ ਸਟੇਸ਼ਨ ਤੋਂ ਕੱਟ ਦਿੱਤੀ ਹੈ। ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੀ ਬਿਜਲੀ ਸਪਲਾਈ ਨੂੰ ਮੁੜ ਡੈਮ ਪਰਿਯੋਜਨਾ ਦੇ ਸਬ ਸਟੇਸ਼ਨ ਨਾਲ ਜੋੜਿਆ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਸ਼ਾਹਪੁਰ ਕੰਢੀ ਥਾਣੇ ਦੇ ਥਾਣਾ ਮੁਖੀ ਦਵਿੰਦਰ ਸ਼ਰਮਾ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਲੋਕਾਂ ਨੂੰ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ, ਜਿਸਦੇ ਬਾਅਦ ਲੋਕਾਂ ਨੇ ਆਪਣਾ ਧਰਨਾ ਚੁੱਕਿਆ।