ਬਿਨਾ ਬਿੱਲ ਖੇਤੀ ਸਬੰਧੀ ਦਵਾਈਆਂ ਵੇਚਣ ਵਾਲਿਆਂ ਤੇ ਪ੍ਰਸ਼ਾਸਨ ਵੱਲੋਂ ਕਸਿਆ ਜਾਵੇਗਾ ਸ਼ਿਕੰਜਾ

Last Updated: Jul 12 2018 13:15

ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਦੇ ਲੋਕਾਂ ਨੂੰ ਸਾਫ਼ ਪਾਣੀ, ਸ਼ੁੱਧ ਭੋਜਨ ਅਤੇ ਸਵੱਛ ਹਵਾ ਯਕੀਨੀ ਬਣਾਈ ਜਾਣੀ ਹੈ। ਕਿਉਂਕਿ ਖੇਤੀ ਲਈ ਵਰਤੀਆਂ ਜਾਂਦੀਆਂ ਮਿਆਰੀ ਖਾਦਾਂ ਅਤੇ ਰਸਾਇਣ ਵਧੀਆ ਭੋਜਨ ਪੈਦਾ ਕਰਨ ਦਾ ਜਰੀਆ ਬਣਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਚੰਗੇ ਮਿਆਰ ਦੀਆਂ ਖਾਦਾਂ ਅਤੇ ਹੋਰ ਖੇਤੀ ਰਸਾਇਣਾਂ ਕਿਸਾਨਾਂ ਨੂੰ ਉਪਲਬੱਧ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਕੁਲਵੰਤ ਸਿੰਘ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਜ਼ਿਲ੍ਹੇ ਅੰਦਰ ਇੱਕ ਹੁਕਮ ਜਾਰੀ ਕੀਤਾ ਹੈ ਕਿ ਕੋਈ ਵੀ ਵਪਾਰੀ, ਡੀਲਰ, ਟਰੇਡਰ, ਖਾਦ, ਕੀੜੇ ਮਾਰ ਦਵਾਈਆਂ, ਪੈਸਟੀਸਾਈਡ, ਬੀਜ ਅਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਖਾਦ ਵਸਤੂਆਂ ਆਦਿ ਜਿਸ ਦੀ ਕੀਮਤ 100/-ਰੁਪਏ ਜਾਂ ਇਸ ਤੋਂ ਵੱਧ ਹੋਵੇ ਬਿਨਾਂ ਸਹੀ ਬਿਲ ਜਾਰੀ ਕਰਨ ਦੇ ਗਾਹਕ ਨੂੰ ਨਹੀਂ ਵੇਚਣਗੇ, ਭਾਵੇਂ ਗਾਹਕ/ਖਪਤਕਾਰ ਇਸ ਬਿੱਲ ਦੀ ਮੰਗ ਕਰੇ ਜਾਂ ਨਾ ਕਰੇ।

ਕੁਲਵੰਤ ਸਿੰਘ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਇਸ ਹੁਕਮ ਨੂੰ ਲਾਗੂ ਕਰਵਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਲੋੜੀਂਦੀ ਕਾਰਵਾਈ ਕਰਨਗੇ। ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜ਼ਿਲ੍ਹੇ ਪਠਾਨਕੋਟ ਦੀ ਹਦੂਦ ਅੰਦਰ ਕਿਸੇ ਵੀ ਪ੍ਰਾਈਵੇਟ ਡੀਲਰ ਵੱਲੋਂ ਖਾਦਾਂ ਅਤੇ ਖੇਤੀ ਰਸਾਇਣਾਂ ਬਿਨਾਂ ਬਿੱਲ ਤੋਂ ਨਾ ਵੇਚੀਆਂ ਜਾਣ ਅਤੇ ਜੇਕਰ ਕੋਈ ਡੀਲਰ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦਾ ਲਾਇਸੈਂਸ ਤੱਕ ਕੈਂਸਲ ਕਰਨ ਤੋਂ ਗੁਰੇਜ਼ ਨਾ ਕੀਤਾ ਜਾਵੇ।