ਦਿਨੋਂ ਦਿਨ ਵੱਧ ਰਹੀ ਅਬਾਦੀ ਤੇ ਸਿਹਤ ਵਿਭਾਗ ਨੇ ਜਤਾਈ ਚਿੰਤਾ

Last Updated: Jul 11 2018 18:31

''ਵਿਸ਼ਵ ਆਬਾਦੀ ਦਿਵਸ'' ਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਤੇ ਗਏ ਥੀਮ "ਇੱਕ ਸਾਰਥਕ ਕੱਲ ਦੀ ਸ਼ੁਰੂਆਤ ਪਰਿਵਾਰ ਨਿਯੋਜਨ ਦੇ ਨਾਲ" ਤਹਿਤ ਅੱਜ "ਮਿਸ਼ਨ ਤੰਦਰੁਸਤ ਪੰਜਾਬ" ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਅਬਾਦੀ ਸਥਿਰਤਾ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਜਿਸ ਵਿੱਚ Eligible couples ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਸਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ। ਅੱਜ ਸ਼ੁਰੂਆਤੀ ਮੌਕੇ ਤੇ ਡਾ.ਨੈਨਾ ਸਲਾਥੀਆ ਨੇ ਦੱਸਿਆ ਕਿ ਹਰ ਸਾਲ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ ਜਿਸ ਦਾ ਮੁੱਖ ਮੰਤਵ ਵਿਸ਼ਵ ਦੇ ਲੋਕਾਂ ਨੂੰ ਦਿਨੋਂ ਦਿਨ ਵੱਧਦੀ ਹੋਈ ਅਬਾਦੀ ਕਾਰਨ ਹੁਣ ਅਤੇ ਆਉਣ ਵਾਲੇ ਸਮੇਂ ਦੀਆਂ ਸਮੱਸਿਆਵਾਂ ਅਤੇ ਛੋਟਾ ਪਰਿਵਾਰ ਸੁਖੀ ਪਰਿਵਾਰ ਬਾਰੇ ਜਾਗਰੂਕ ਕਰਨਾ ਹੈ ਜੋ ਕਿ ਮਨੁੱਖਤਾ ਦੀ ਤੱਰਕੀ ਲਈ ਕੁਝ ਖਾਸ ਵਿਸ਼ਿਆਂ ਜਿਵੇਂ ਫੈਮਿਲੀ ਪਲੈਨਿੰਗ, ਔਰਤ-ਮਰਦ 'ਚ ਸਮਾਨਤਾ, ਗਰੀਬੀ ਨੂੰ ਦੂਰ ਕਰਨਾ ਅਤੇ ਮਾਂ ਤੇ ਬੱਚੇ ਦੀ ਸਿਹਤ ਵਰਗੇ ਵਿਸ਼ੇ ਸ਼ਾਮਿਲ ਹਨ। ਇਸ ਲਈ ਇੱਕ ਸਾਰਥਕ ਕੱਲ ਦੀ ਸ਼ੁਰੂਆਤ ਦੇ ਲਈ ਅਤੇ ਅਬਾਦੀ ਦੀ ਸਥਿਰਤਾ ਲਈ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਨੂੰ ਅਪਣਾਉਣਾ ਬਹੁਤ ਹੀ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੇ ਇਸ ਵੇਲੇ ਸਥਾਈ ਅਤੇ ਅਸਥਾਈ ਤਰੀਕੇ ਮੁਹੱਈਆ ਕਰਵਾਏ ਜਾ ਰਹੇ ਹਨ। ਸਥਾਈ (ਪੱਕੇ ਤੌਰ ਤੇ) ਤਰੀਕਿਆਂ 'ਚ ਜਿਵੇਂ ਕਿ ਮਹਿਲਾ ਨਸਬੰਦੀ ਅਤੇ ਪੁਰਸ਼ ਨਸਬੰਦੀ ਅਤੇ ਅਸਥਾਈ 'ਚ (ਕੱਚੇ ਤੌਰ ਤੇ) ਇੰਜੈਕਸ਼ਨ ਐਮ.ਪੀ.ਏ, ਆਪਾਤਕਾਲੀਨ ਗਰਭ ਨਿਰੋਧਕ ਗੋਲੀ, ਕਾਪਰ ਟੀ, (ਆਈ.ਯੂ.ਸੀ.ਡੀ.375, ਆਈ.ਯੂ.ਸੀ.ਡੀ.380, ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ ਸ਼ਾਮਲ ਹਨ। ਉਨ੍ਹਾਂ ਨੇ ਪਰਿਵਾਰ ਨਿਯੋਜਨ ਦੇ ਅਸਥਾਈ ਤਰੀਕਿਆਂ ਨੂੰ ਅਪਣਾਉਣ ਵੱਲ ਜ਼ਿਆਦਾ ਜ਼ੋਰ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੁਣ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਪਰਿਵਾਰ ਨਿਯੋਜਨ ਲਈ injectable contraceptive ANTRA)ਇੰਜੈਕਸ਼ਨ ਐਮ.ਪੀ.ਏ ਲਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ 3 ਮਹੀਨੇ ਤੱਕ ਗਰਭਵਤੀ ਹੋਣ ਦੀ ਚਿੰਤਾ ਤੋਂ ਮੁਕਤੀ ਅਤੇ ਨਾ ਹੀ ਯੌਨ ਸਬੰਧ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ। ਇਹ ਇੰਜੈਕਸ਼ਨ (ਡਿਲੀਵਰੀ ਦੇ 6 ਹਫ਼ਤਿਆਂ ਬਾਅਦ) ਸਤਨਪਾਨ ਦੌਰਾਨ ਲੈਣਾ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਤੋ ਇਲਾਵਾ ਡਾਕਟਰ ਦੀ ਸਲਾਹ ਨਾਲ "ਛਾਇਆ ਗੋਲੀ" ਵੀ ਪਰਿਵਾਰ ਨਿਯੋਜਨ ਲਈ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨਾ ਵਧਾਉਣਾ ਚਾਹੋ, ਉਦੋਂ ਤੱਕ ਬੇਫਿਕਰ ਗਰਭ ਨਿਰੋਧਕ ਗੋਲੀ ਖਾਓ ਕਿਉਂਕਿ ਗਰਭ ਨਿਰੋਧਕ ਗੋਲੀਆਂ ਖਾਣ ਤੋਂ ਬਾਅਦ ਇਸਤਰੀ ਦੀ ਮਾਂ ਬਣਨ ਦੀ ਸਮਰੱਥਾ ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। 

ਇਸ ਮੌਕੇ ਹਾਜ਼ਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਾਕੇਸ਼ ਸਰਪਾਲ ਨੇ ਕਿਹਾ ਕਿ ਛੋਟਾ ਪਰਿਵਾਰ ਸੁੱਖੀ ਪਰਿਵਾਰ ਬਿਹਤਰ ਜੀਵਨ ਜੀਣ ਦਾ ਅਧਾਰ ਹੈ ਅਤੇ ਲਗਾਤਾਰ ਵੱਧ ਰਹੀ ਅਬਾਦੀ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਿਹਾ। ਇਹ ਵੱਧਦੀ ਹੋਈ ਅਬਾਦੀ ਨਾ ਕੇਵਲ ਮਨੁੱਖਤਾ ਲਈ ਘਾਤਕ ਹੈ ਸਗੋਂ ਜੀਵ ਜੰਤੂਆਂ ਅਤੇ ਵਾਤਾਵਰਨ ਤੇ ਵੀ ਇਸ ਦਾ ਮਾਰੂ ਪ੍ਰਭਾਵ ਪੈ ਰਿਹਾ ਹੈ। ਜੰਗਲਾਂ ਦਾ ਅੰਧਾਧੁੰਦ ਕਟਾਵ, ਸ਼ਹਿਰੀਕਰਨ, ਉਦਯੋਗੀਕਰਨ, ਕਲੋਨੀਆਂ ਦੀ ਨਜਾਇਜ਼ ਉਸਾਰੀ ਨੇ ਮਨੁੱਖਾਂ ਅਤੇ ਜੀਵ ਜੰਤੂਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਚਾਹੇ ਉਹ ਧਰਤੀ ਹੋਵੇ ਜਾਂ ਪਾਣੀ। ਕੁਦਰਤੀ ਸੋਮਿਆਂ ਦੀ ਦੂਰਵਰਤੋਂ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਗਲੋਬਲ ਵਾਰਮਿੰਗ ਅਤੇ ਗਲੇਸ਼ੀਅਰ ਦਾ ਪਿਗਲਣਾ ਆਦਿ ਵੀ ਵੱਧਦੀ ਆਬਾਦੀ ਦੇ ਕਾਰਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਮੁੱਨਖ ਆਪ ਜ਼ਿੰਮੇਵਾਰ ਹੈ ਅਤੇ ਆਪਣੀ ਆਉਣ ਵਾਲੀ ਪੀੜੀ ਲਈ ਬੁਰੇ ਪ੍ਰਭਾਵ ਛੱਡ ਰਿਹਾ ਹੈ। ਭਾਰਤ ਦੀ ਜ਼ਿਆਦਾ ਤਰ ਅਬਾਦੀ ਗਰੀਬੀ ਰੇਖਾਂ ਤੋਂ ਜ਼ਿੰਦਗੀ ਬਤੀਤ ਕਰ ਰਹੀ ਹੈ ਲਗਾਤਾਰ ਦੇਸ਼ ਵਿੱਚ ਗਰੀਬੀ, ਅਨਪੜ੍ਹਤਾ ਅਤੇ ਬੇਰੋਜ਼ਗਾਰੀ ਨੇ ਪੈਰ ਪਸਾਰੇ ਹਨ। ਇਸ ਲਈ ਦੇਸ਼ ਅਤੇ ਆਪਣੀ ਖੁਸ਼ਹਾਲੀ ਲਈ ਛੋਟਾ ਪਰਿਵਾਰ ਸੁੱਖੀ ਪਰਿਵਾਰ ਦਾ ਹੋਣਾ ਹੀ ਬਹੁਤ ਜ਼ਰੂਰੀ ਹੈ। ਇਸ ਲਈ ਮੁੰਡੇ-ਕੁੜੀ ਦਾ ਵਿਆਹ ਸਹੀ ਉਮਰ ਅਨੁਸਾਰ ਹੀ ਕੀਤਾ ਜਾਵੇ। ਕਿਉਂਕਿ ਛੋਟੀ ਉਮਰ ਵਿੱਚ ਵਿਆਹ ਅਤੇ ਜਣੇਪਾ ਔਰਤ ਨੂੰ ਮੌਤ ਦੇ ਮੂੰਹ ਵੱਲ ਲਿਜਾਂਦਾ ਹੈ। ਦੋ ਬੱਚਿਆਂ ਵਿੱਚ ਘੱਟੋ-ਘੱਟ 3 ਸਾਲ ਦਾ ਅੰਤਰ ਰੱਖੋ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਸਾਰੇ ਸਾਧਨ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਮੁੱਹੀਆ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਪਰਿਵਾਰ ਨਿਯੋਜਨ ਦੇ ਨਵੇਂ ਅਤੇ ਆਸਾਨ ਤਰੀਕਿਆਂ ਦੀ ਪੂਰੀ ਜਾਣਕਾਰੀ ਦੇ ਲਈ 1800-116-555 ਫ੍ਰੀ ਕਾਲ ਕਰ ਸਕਦੇ ਹੋ ਜਾਂ ਫਿਰ ਵੈਬ ਪੇਜ humdo.nhp.gov.in ਤੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ।