ਰੋਜ਼ੀ ਬਰਕੰਦੀ ਵੱਲੋਂ ਵਾਇਰਲ ਵੀਡੀਓ ਮਾਮਲੇ 'ਚ ਕੈਬਨਿਟ ਮੰਤਰੀ ਰੰਧਾਵਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

Last Updated: Dec 31 2019 17:11
Reading time: 0 mins, 53 secs

ਕਾਂਗਰਸ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਵਾਇਰਲ ਵੀਡੀਓ ਸਾਹਮਣੇ ਆਉਣ ਦੇ ਬਾਅਦ ਪੈਦਾ ਹੋਏ ਵਿਵਾਦ ਨੂੰ ਲੈ ਕੇ ਅਕਾਲੀ ਦਲ ਦੇ ਮੁਕਤਸਰ ਤੋਂ ਵਿਧਾਇਕ ਰੋਜ਼ੀ ਬਰਕੰਦੀ ਨੇ ਰੰਧਾਵਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਰੋਜ਼ੀ ਬਰਕੰਦੀ ਵੱਲੋਂ ਅੱਜ ਅਕਾਲੀ ਵਰਕਰਾਂ ਦੇ ਨਾਲ ਮਿਲ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਨੇ ਕੈਪਟਨ ਦੀ ਤੁਲਨਾ ਗੁਰੂ ਸਾਹਿਬ ਨਾਲ ਕਰ ਇੱਕ ਕੋਝੀ ਹਰਕਤ ਕੀਤੀ ਹੈ ਅਤੇ ਇਸਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਹਮੇਸ਼ਾ ਹੀ ਸਿੱਖ ਪੰਥ ਨਾਲ ਢਾਹ ਲਾਉਣ ਵਾਲੀਆਂ ਹਰਕਤਾਂ ਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਰੰਧਾਵਾ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਕਿ ਉਹ ਗੁਰੂ ਸਾਹਿਬ ਦੀ ਇੱਕ ਪੇਂਟਿੰਗ ਦੀ ਤੁਲਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਦੇ ਦਿੱਖ ਰਹੇ ਹਨ। ਇਸਦੇ ਬਾਅਦ ਰੰਧਾਵਾ ਵੱਲੋਂ ਇਸ ਵੀਡੀਓ ਨੂੰ ਨਕਲੀ ਅਤੇ ਛੇੜਖਾਨੀ ਕੀਤੀ ਦੱਸਿਆ ਗਿਆ ਸੀ ਅਤੇ ਚੈੱਨਲ ਦੇ ਖ਼ਿਲਾਫ਼ ਮਾਨਹਾਨੀ ਦਾ ਦਾਅਵਾ ਕਰਨ ਦੀ ਗੱਲ ਕੀਤੀ ਗਈ ਸੀ।