ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹੁਤ ਸਾਰੇ ਪ੍ਰੋਗਰਾਮ ਪੂਰੀ ਦੁਨੀਆ ਵਿੱਚ ਕਰਵਾਏ ਜਾ ਰਹੇ ਹਨ ਜਿਨ੍ਹਾਂ ਤੇ ਲੱਖਾਂ-ਕਰੋੜਾਂ ਰੁਪਈਏ ਖ਼ਰਚ ਕੀਤੇ ਜਾ ਰਹੇ ਹਨ। ਇਹਨਾਂ ਕਰੋੜਾਂ ਦੇ ਖ਼ਰਚਿਆਂ ਤੇ ਵੀ ਬੁੱਧੀਜੀਵੀ ਵਰਗ ਵੱਲੋਂ ਕਾਫੀ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ ਪਰ ਕਈ ਐਸੀਆਂ ਸੰਸਥਾਵਾਂ ਵੀ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਸਹੀ ਢੰਗ ਨਾਲ ਪੇਸ਼ ਕੀਤਾ।
ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਪੁਰਬ ਸ਼ਰਧਾ ਨਾਲ ਮਨਾਇਆ ਗਿਆ। ਡੇਰੇ ਦੇ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਨੇ ਗੁਰਪੁਰਬ ਦੀ ਖ਼ੁਸ਼ੀ ਵਿੱਚ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਵੀ ਕਰਵਾਈਆਂ। ਨਵੇਂ ਵਿਆਹੇ ਹਰੇਕ ਜੋੜੇ ਨੂੰ ਸਹਿਯੋਗੀਆਂ ਵੱਲੋਂ ਡਬਲ ਬੈੱਡ, ਬਿਸਤਰੇ, ਅਲਮਾਰੀ, ਕੁਰਸੀਆਂ ਤੇ ਮੇਜ਼, ਸਿਲਾਈ ਮਸ਼ੀਨ, ਮੇਕਅਪ ਕਿੱਟ, ਟੇਬਲ ਫੈਨ, ਸਟੀਲ ਤੇ ਪਿੱਤਲ ਦੇ ਭਾਂਡੇ ਅਤੇ ਘਰੇਲੂ ਵਰਤੋਂ ਦਾ ਹੋਰ ਸਮਾਨ ਦਿੱਤਾ ਗਿਆ। ਜੋੜਿਆਂ ਨੂੰ ਸਵਾਮੀ ਜੀ ਤੇ ਬਾਊ ਜੀ ਵੱਲੋਂ ਅਸ਼ੀਰਵਾਦ ਦਿੱਤਾ ਗਿਆ।