ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਇੱਕੋ ਪਿੰਡ 'ਚੋਂ ਤਿੰਨ ਲੱਖ ਨਗਦੀ, ਇੱਕ ਕਾਰ ਅਤੇ ਨਸ਼ੇ ਨਾਲ ਇੱਕ ਔਰਤ ਸਮੇਤ ਪੰਜ ਕਾਬੂ

Last Updated: Jun 22 2019 13:30
Reading time: 0 mins, 52 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਦੀ ਥਾਣਾ ਕਬਰਵਾਲਾ ਪੁਲਿਸ ਨੇ ਨਵੇਂ ਆਏ ਥਾਣਾ ਇੰਚਾਰਜ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦੇ ਹੋਏ ਪਿੰਡ ਸ਼ਾਮਖੇੜਾ ਦੇ ਵਿੱਚੋਂ ਛਾਪੇਮਾਰੀ ਕਰ ਕਰੀਬ ਤਿੰਨ ਲੱਖ ਦੀ ਡਰੱਗ ਮਨੀ, ਇੱਕ ਕਾਰ ਅਤੇ ਨਸ਼ੇ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿੰਨਾ ਵਿੱਚ ਕਿ ਇੱਕ ਔਰਤ ਵੀ ਸ਼ਾਮਲ ਹੈ। ਇਹ ਸਾਰੇ ਲੋਕ ਵੱਖ-ਵੱਖ ਮਾਮਲਿਆਂ ਵਿੱਚ ਕਾਬੂ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਕੋਲੋਂ ਵੱਖ-ਵੱਖ ਮਾਤਰਾ ਵਿੱਚ ਨਸ਼ੇ ਮਿਲੇ ਹਨ। ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮੁਖਤਿਆਰ ਸਿੰਘ ਨੂੰ 2 ਲੱਖ 99 ਹਜ਼ਾਰ ਦੀ ਡਰੱਗ ਮਨੀ, 3 ਕਿੱਲੋ ਭੁੱਕੀ ਅਤੇ 100 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ।

ਇਸ ਦੌਰਾਨ ਮੁਖਤਿਆਰ ਸਿੰਘ ਦਾ ਲੜਕਾ ਬਲਜਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਕੇਵਲ ਸਿੰਘ ਨੂੰ ਉਸਦੀ ਕਾਰ ਵਿੱਚੋਂ 1 ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ। ਇਸਦੇ ਨਾਲ ਹੀ ਗੁਰਦੀਪ ਸਿੰਘ ਨਾਮਕ ਇੱਕ ਨੌਜਵਾਨ ਨੂੰ 100 ਨਸ਼ੀਲੀਆਂ ਗੋਲੀਆਂ, ਸਤਪਾਲ ਸਿੰਘ ਵਾਸੀ ਟਿੱਬਾ ਗੁਰੂਸਰ ਜੋਧਾ ਤੇ ਮਨਦੀਪ ਕੌਰ ਕੋਲੋਂ 60 ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ 900 ਰੁਪਏ ਨਾਲ ਅਤੇ ਸੁਰਜੀਤ ਸਿੰਘ ਸੀਤੂ ਨੂੰ 8 ਬੋਤਲਾਂ ਨਾਜਾਇਜ਼ ਸ਼ਰਾਬ ਨਾਲ ਕਾਬੂ ਕੀਤਾ ਗਿਆ।