ਨਜਾਇਜ਼ ਸ਼ਰਾਬ ਦੀ ਸਮਗਲਿੰਗ ਕਰਨ ਦੇ ਦੋਸ਼ 'ਚ ਪੁਲਿਸ ਨੇ ਤਿੰਨ ਵਿਅਕਤੀ ਕੀਤੇ ਕਾਬੂ, 2508 ਬੋਤਲਾਂ ਸ਼ਰਾਬ ਬਰਾਮਦ

Last Updated: Jun 14 2018 16:28

ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵੱਲੋਂ ਵੱਖ-ਵੱਖ ਥਾਵਾਂ ਤੋਂ ਨਜਾਇਜ਼ ਸ਼ਰਾਬ ਦੀਆਂ 209 ਪੇਟੀਆਂ (2508 ਬੋਤਲਾਂ) ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਨਜਾਇਜ਼ ਸ਼ਰਾਬ ਦੀ ਸਮਗਲਿੰਗ ਕਰਨ ਦੇ ਦੋਸ਼ 'ਚ ਕਾਬੂ ਕੀਤੇ ਗਏ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਅਤੇ ਇੱਕ ਵਿਅਕਤੀ ਖ਼ਿਲਾਫ਼ ਥਾਣਾ ਫ਼ਤਿਹਗੜ੍ਹ ਸਾਹਿਬ 'ਚ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਜਾਇਜ਼ ਸ਼ਰਾਬ ਦੀ ਬਰਾਮਦਗੀ ਸਬੰਧੀ ਐਸ.ਪੀ (ਆਈ) ਹਰਪਾਲ ਸਿੰਘ ਨੇ ਦਾਅਵਾ ਕਰਦੇ ਦੱਸਿਆ ਕਿ ਥਾਣਾ ਫ਼ਤਿਹਗੜ੍ਹ ਸਾਹਿਬ 'ਚ ਤਾਇਨਾਤ ਏ.ਐਸ.ਆਈ ਸੁਖਵੀਰ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਸ਼ਮਸ਼ੇਰ ਨਗਰ ਚੌਂਕ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਚੈਕਿੰਗ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ ਵੱਲੋਂ ਸਾਹਮਣੇ ਤੋਂ ਆ ਰਹੀ ਇੱਕ ਸ਼ੈਵਰਲੈਟ ਆਪਟਰਾ ਕਾਰ ਨੰ. ਪੀਬੀ-10ਬੀ.ਡੀ-9991 ਨੂੰ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕਿਆ ਗਿਆ।

ਉਨ੍ਹਾਂ ਵੱਲੋਂ ਕੀਤੇ ਦਾਅਵੇ ਮੁਤਾਬਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਤਲਾਸ਼ੀ ਲੈਣ ਤੇ ਕਾਰ ਅੰਦਰੋਂ 39 ਪੇਟੀਆਂ (468 ਬੋਤਲਾਂ) ਨਜਾਇਜ਼ ਸ਼ਰਾਬ ਮਾਰਕਾ ਰਾਜਧਾਨੀ ਵਿਸਕੀ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਹੋਈਆਂ। ਜਿਸਦੇ ਬਾਅਦ ਕਾਬੂ ਕੀਤੇ ਗਏ ਕਾਰ ਸਵਾਰ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਾਸੀ ਜਮਾਲਪੁਰ ਕਲੌਨੀ, ਲੁਧਿਆਣਾ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਆਰੋਪੀ ਦੇ ਖ਼ਿਲਾਫ਼ ਥਾਣਾ ਫ਼ਤਿਹਗੜ੍ਹ ਸਾਹਿਬ 'ਚ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸਬ ਡਵੀਜ਼ਨ ਅਮਲੋਹ ਦੇ ਡੀ.ਐਸ.ਪੀ ਮਨਪ੍ਰੀਤ ਸਿੰਘ ਨੇ ਦਾਅਵਾ ਕਰਦੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਥਾਣੇ 'ਚ ਤਾਇਨਾਤ ਏ.ਐਸ.ਆਈ ਕੁਲਦੀਪ ਸਿੰਘ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਨੈਸ਼ਨਲ ਹਾਈਵੇ ਤੇ ਸਥਿਤ ਯੈਸ ਬੈਂਕ ਨਜ਼ਦੀਕ ਲਗਾਏ ਗਏ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਬਾਹਰੀ ਇਲਾਕਿਆਂ ਚੋਂ ਸਸਤੇ ਭਾਅ ਖ਼ਰੀਦ ਕੇ ਨਜਾਇਜ਼ ਸ਼ਰਾਬ ਦੀ ਸਮਗਲਿੰਗ ਕੀਤੇ ਜਾਣ ਸਬੰਧੀ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਸਾਹਮਣੇ ਤੋਂ ਆ ਰਹੀ ਇੱਕ ਮਹਿੰਦਰਾ ਜੀਪ ਨੂੰ ਚੈਕਿੰਗ ਲਈ ਰੋਕਿਆ ਗਿਆ। ਕੀਤੇ ਗਏ ਦਾਅਵੇ ਅਨੁਸਾਰ ਮੁਲਾਜ਼ਮਾਂ ਨੇ ਜੀਪ ਦੀ ਚੈਕਿੰਗ ਕੀਤੀ ਤਾਂ ਤਲਾਸ਼ੀ ਦੌਰਾਨ ਉਸ ਵਿੱਚੋਂ 48 ਪੇਟੀਆਂ (576 ਬੋਤਲਾਂ) ਬੋਟਮ ਅੱਪ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਅਤੇ 52 ਪੇਟੀਆਂ (624 ਬੋਤਲਾਂ) ਨਜਾਇਜ਼ ਸ਼ਰਾਬ ਮਾਰਕਾ 777 ਓਕ ਵੈਟ ਵਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ। ਜਿਸਦੇ ਚੱਲਦੇ ਜੀਪ ਚਾਲਕ ਨੂੰ ਨਜਾਇਜ਼ ਸ਼ਰਾਬ ਅਤੇ ਵਾਹਨ ਸਮੇਤ ਕਾਬੂ ਕਰ ਲਿਆ ਗਿਆ ਅਤੇ ਉਸ ਪਾਸੋਂ ਕੀਤੀ ਪੁੱਛ-ਗਿੱਛ ਦੌਰਾਨ ਉਸਦੀ ਪਹਿਚਾਣ ਰਾਹੁਲ ਕੁਮਾਰ ਵਾਸੀ ਨਿਊ ਦੁਰਗਾ ਕਲੌਨੀ, ਢੰਡਾਰੀ ਖੁਰਦ (ਲੁਧਿਆਣਾ) ਦੇ ਤੌਰ ਤੇ ਹੋਈ ਹੈ। ਡੀ.ਐਸ.ਪੀ ਮਨਪ੍ਰੀਤ ਸਿੰਘ ਨੇ ਅੱਗੇ ਦਾਅਵਾ ਕੀਤਾ ਕਿ ਏ.ਐਸ.ਆਈ ਕੇਵਲ ਸਿੰਘ ਨੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਰੇਲਵੇ ਅੰਡਰ ਬ੍ਰਿਜ ਨਸਰਾਲੀ ਕੋਲ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ ਨੇ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕਿਆ।

ਜਦੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਤਲਾਸ਼ੀ ਲੈਣ ਤੇ ਕਾਰ ਚੋਂ 20 ਪੇਟੀਆਂ (240 ਬੋਤਲਾਂ) ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ। ਜਿਸਦੇ ਬਾਅਦ ਕਾਰ ਸਵਾਰ ਮੁਹੰਮਦ ਬਸ਼ੀਰ ਵਾਸੀ ਰੇਲਵੇ ਕਲੌਨੀ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕਰ ਲਿਆ ਗਿਆ। ਦਾਅਵੇ ਅਨੁਸਾਰ ਕਾਬੂ ਆਰੋਪੀ ਤੋਂ ਪੁੱਛ-ਗਿੱਛ ਕਰਨ ਦੇ ਬਾਅਦ ਪੁਲਿਸ ਵੱਲੋਂ ਮੁਹੰਮਦ ਬਸ਼ੀਰ ਦੇ ਸਰਹਿੰਦ 'ਚ ਸਥਿਤ ਇੱਕ ਗੋਦਾਮ ਚੋਂ ਛਾਪਾਮਾਰੀ ਕਰਕੇ 50 ਪੇਟੀਆਂ (600 ਬੋਤਲਾਂ) ਦੇਸੀ ਸ਼ਰਾਬ ਮਾਰਕਾ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਕੀਤੇ ਗਏ ਰਾਹੁਲ ਕੁਮਾਰ ਅਤੇ ਮੁਹੰਮਦ ਬਸ਼ੀਰ ਦੇ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ 'ਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।