ਟਰੇਨ ਦੀ ਲਪੇਟ 'ਚ ਆਉਣ ਕਾਰਨ ਅਣਪਛਾਤਾ ਨੌਜਵਾਨ ਹੋ ਗਿਆ ਰੱਬ ਨੂੰ ਪਿਆਰਾ

Last Updated: Jan 05 2020 16:19
Reading time: 1 min, 23 secs

ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਤੇ ਪੈਂਦੇ ਪਿੰਡ ਜੱਸੀਆਂ ਦੇ ਕੋਲ ਰੇਲਵੇ ਲਾਈਨਾਂ ਤੋਂ ਰੇਲਵੇ ਪੁਲਿਸ ਨੂੰ ਟਰੇਨ ਨਾਲ ਕੱਟੇ ਹੋਏ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਰੇਲਵੇ ਟਰੈਕ ਤੇ ਲਾਸ਼ ਪਏ ਹੋਣ ਸਬੰਧੀ ਸੂਚਨਾ ਮਿਲਣ ਦੇ ਉਪਰੰਤ ਮੌਕੇ ਤੇ ਪਹੁੰਚੇ ਜੀਆਰਪੀ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ। ਜੀਆਰਪੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਥਾਣਾ ਦੇ ਐਸਐਚਓ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਜੀਆਰਪੀ ਥਾਣੇ 'ਚ ਸੂਚਨਾ ਦਿੱਤੀ ਸੀ ਕਿ ਨਜ਼ਦੀਕੀ ਪਿੰਡ ਜੱਸੀਆਂ ਕੋਲ ਰੇਲਵੇ ਲਾਈਨਾਂ ਤੇ ਟਰੇਨ ਨਾਲ ਕੱਟੇ ਹੋਏ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਦੇ ਬਾਅਦ ਹੌਲਦਾਰ ਸਵਰਨ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮੌਕਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਘਟਨਾਸਥਲ ਦਾ ਜਾਇਜ਼ਾ ਲੈਣ ਤੋਂ ਜਾਪਦਾ ਹੈ ਕਿ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਕਿਸੇ ਟਰੇਨ ਦੀ ਲਪੇਟ 'ਚ ਆਉਣ ਕਾਰਨ ਮ੍ਰਿਤਕ ਦੀ ਮੌਤ ਹੋਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਿਰ ਤੋਂ ਮੋਨੇ ਕਰੀਬ 25 ਤੋਂ 30 ਸਾਲ ਉਮਰ ਦਰਮਿਆਨ ਦੇ ਜਾਪਦੇ ਮ੍ਰਿਤਕ ਦੇ ਪਹਿਨੇ ਹੋਏ ਕੱਪੜਿਆਂ 'ਚੋਂ ਉਸ ਦੀ ਸ਼ਨਾਖਤ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਦਸਤਾਵੇਜ਼ ਨਾ ਮਿਲਣ ਦੇ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੇ ਨੀਲੀ ਅਤੇ ਹਰੀ ਡੱਬੀਦਾਰ ਕਮੀਜ਼ ਅਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੋਈ ਹੈ। ਮ੍ਰਿਤਕ ਦੀ ਸ਼ਨਾਖਤ ਕਰਵਾਉਣ ਲਈ ਆਸਪਾਸ ਦੇ ਲੋਕਾਂ ਨੂੰ ਲਾਸ਼ ਦਿਖਾਈ ਗਈ ਪ੍ਰੰਤੂ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਘਟਨਾ ਵਾਲੀ ਥਾਂ ਤੋਂ ਲਾਸ਼ ਨੂੰ ਚੁਕਵਾ ਕੇ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਸਬੰਧੀ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੌਰਚਰੀ 'ਚ ਰਖਵਾਇਆ ਗਿਆ ਹੈ।