...ਹੁਣ ਬਾਰਸ਼ ਨੇ ਅਸਮਾਨੀ ਚਾੜ੍ਹੇ ਹਰੀਆਂ ਸਬਜ਼ੀਆਂ ਦੇ ਭਾਅ, ਜੀਭ ਦਾ ਜ਼ਾਇਕਾ ਹੋਇਆ ਬੇਸੁਆਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 18:47
Reading time: 5 mins, 54 secs

ਮਾਨਸੂਨ ਦਾ ਸੀਜ਼ਨ ਜਿੱਥੇ ਫ਼ਸਲਾਂ ਦੇ ਲਈ ਚੰਗੇ ਦਿਨ ਲੈ ਆਉਂਦਾ ਹੈ। ਪਰ ਜ਼ਿਆਦਾ ਬਾਰਸ਼ ਖੇਤਾਂ ਚ ਹਰੀਆਂ ਸਬਜ਼ੀਆਂ ਦੀ ਕਾਸ਼ਤ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਜ਼ਿਆਦਾ ਬਾਰਸ਼ ਹੋਣ ਕਾਰਨ ਆਮ ਦਿਨਾਂ ਦੇ ਮੁਕਾਬਲੇ ਸਸਤੇ ਭਾਅ ਮਿਲਣ ਵਾਲੀਆਂ ਮੌਸਮੀ ਸਬਜ਼ੀਆਂ ਦੇ ਭਾਅ ਅਚਾਨਕ ਅਸਮਾਨੀ ਚੜ ਜਾਂਦੇ ਹਨ। ਆਮ ਦਿਨਾਂ ਚ ਕਰੀਬ 20 ਤੋਂ 30 ਰੁਪਏ ਪ੍ਰਤੀ ਕਿੱਲੋ ਮਿਲਣ ਵਾਲੀਆਂ ਆਮ ਸਬਜ਼ੀਆਂ ਦੇ ਭਾਅ ਦੁੱਗਣੇ ਤੋਂ ਤਿਗੁਣੇ ਹੋ ਜਾਂਦੇ ਹਨ। ਰੇਟਾਂ ਚ ਅਚਾਨਕ ਬਦਲਾਅ ਆਉਣ ਦੇ ਚੱਲਦੇ ਆਮ ਵਿਅਕਤੀ ਦੀ ਜੀਭ ਦਾ ਜ਼ਾਇਕਾ ਬੇਸੁਆਦ ਹੋ ਜਾਂਦਾ ਹੈ। ਅਚਾਨਕ ਸਬਜ਼ੀਆਂ ਦੇ ਰੇਟ ਵਧਣ ਕਾਰਨ ਗ੍ਰਹਿਣੀਆਂ ਦੀ ਰਸੋਈ ਦੇ ਬਜਟ ਦਾ ਢਾਂਚਾ ਵੀ ਵਿਗੜ ਜਾਂਦਾ ਹੈ। ਮੌਸਮੀ ਸਬਜ਼ੀਆਂ ਦੇ ਭਾਅ ਵਧਣ ਦੇ ਪਿੱਛੇ ਬਰਸਾਤੀ ਮੌਸਮ ਕਾਰਨ ਸਬਜ਼ੀ ਮੰਡੀਆਂ ਚ ਸਬਜ਼ੀਆਂ ਦੀ ਆਮਦ ਘੱਟ ਜਾਣਾ ਦੱਸਿਆ ਜਾ ਰਿਹਾ ਹੈ। ਸਬਜ਼ੀਆਂ ਦੇ ਆਸਮਾਨ ਛੂੰਹਦੇ ਰੇਟ ਸੁਣਕੇ ਆਮ ਲੋਕਾਂ ਦਾ ਪਸੀਨਾ ਛੁੱਟ ਜਾਂਦਾ ਹੈ ਅਤੇ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ ਕਿ ਆਖ਼ਰ ਕਿਹੜੀ ਸਬਜ਼ੀ ਬਣਾ ਕੇ ਖਾਧੀ ਜਾਏ। ਦੂਜੇ ਪਾਸੇ, ਦਾਲਾਂ ਦੇ ਰੇਟ ਵੀ ਪਿਛਲੇ ਕਾਫੀ ਸਮੇਂ ਤੋਂ ਵਧੇ ਹੋਏ ਹਨ।

ਦੱਸ ਦੇਈਏ ਕਿ ਪਿਛਲੇ ਕਰੀਬ ਅੱਠ-ਦੱਸ ਦਿਨ ਪਹਿਲਾਂ ਸੂਬੇ ਚ ਮੌਸਮ ਚ ਆਏ ਬਦਲਾਅ ਦੇ ਬਾਦ ਮਾਨਸੂਨ ਦੇ ਚੱਲਦੇ ਸ਼ੁਰੂ ਹੋਈ ਬਾਰਸ਼ ਦੇ ਕਾਰਨ ਆਮ ਦਿਨਾਂ ਦੇ ਮੁਕਾਬਲੇ ਸਬਜ਼ੀ ਮੰਡੀਆਂ ਚ ਸਸਤੇ ਭਾਅ ਮਿਲਣ ਵਾਲੀਆਂ ਮੌਸਮੀ ਸਬਜ਼ੀਆਂ ਦੇ ਭਾਅ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ। ਕਈ ਸਬਜ਼ੀਆਂ ਦੇ ਰੇਟ ਤਾਂ ਚਾਰ ਗੁਣਾ ਤੱਕ ਵੱਧ ਗਏ ਹਨ। ਪਹਿਲਾਂ ਆਮ ਦਿਨਾਂ ਚ ਕਰੀਬ 10 ਤੋਂ 20 ਰੁਪਏ ਪ੍ਰਤੀ ਕਿੱਲੋ ਵਿਕਣ ਵਾਲਾ ਖੀਰਾ, ਘੀਆ (ਲੌਕੀ) ਅੱਜ ਕੱਲ੍ਹ 50 ਤੋਂ 60 ਰੁਪਏ ਪ੍ਰਤੀ ਕਿੱਲੋ ਭਾਅ ਵਿਕ ਰਹੇ ਹਨ। ਜਦਕਿ ਹਰੇ ਮਟਰ ਮੌਜੂਦਾ ਦਿਨਾਂ ਚ ਕਰੀਬ 100 ਤੋਂ ਲੈ ਕੇ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਵਿਕ ਰਹੇ ਹਨ।

ਕੁਝ ਇਹੋ ਹਾਲ ਇਨ੍ਹੀਂ ਦਿਨੀਂ ਚ ਵਿਕਣ ਵਾਲੀਆਂ ਗੋਭੀ, ਅਰਬੀ, ਸ਼ਿਮਲਾ ਮਿਰਚ, ਬੈਂਗਣ, ਭਿੰਡੀ, ਕਰੇਲਾ, ਪੇਠਾ, ਰਾਮਤੋਰੀ, ਹਰੀ ਮਿਰਚ ਆਦਿ ਹੋਰਨਾਂ ਸਬਜ਼ੀਆਂ ਦਾ ਹੈ। ਜੋ ਕਿ ਆਮ ਦਿਨਾਂ ਚ ਵਿਕਣ ਵਾਲੇ ਭਾਅ ਤੋਂ ਤਿੰਨ ਗੁਣਾ ਵੱਧ ਰੇਟ ਵਿਕ ਰਹੀਆਂ ਹਨ। ਆਮ ਤੌਰ ਤੇ ਸਸਤੇ ਭਾਅ ਮਿਲਣ ਵਾਲੇ ਆਲੂ ਅਤੇ ਪਿਆਜ਼ ਦੇ ਰੇਟ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵੱਧ ਗਏ ਹਨ। ਬਾਰਸ਼ ਦੇ ਸੀਜ਼ਨ ਦੌਰਾਨ ਸਬਜ਼ੀਆਂ ਦੇ ਆਸਮਾਨ ਛੂੰਹਦੇ ਰੇਟਾਂ ਦੇ ਚੱਲਦੇ ਘਰ ਦਾ ਗੁਜ਼ਾਰਾ ਚਲਾਉਣ ਵਾਲੀਆਂ ਗ੍ਰਹਿਣੀਆਂ ਦੇ ਰਸੋਈ ਦਾ ਬਜਟ ਢਾਂਚਾ ਹੀ ਵਿਗੜ ਗਿਆ ਹੈ। ਆਮ ਲੋਕਾਂ ਨੂੰ ਮਹਿੰਗੇ ਭਾਅ ਸਬਜ਼ੀਆਂ ਖ਼ਰੀਦਣ ਦੀ ਬਜਾਏ ਦਾਲ- ਚਾਵਲ ਆਦਿ ਨਾਲ ਹੀ ਗੁਜ਼ਾਰਾ ਚਲਾਉਣਾ ਪੈ ਰਿਹਾ ਹੈ।

ਸਬਜ਼ੀਆਂ ਦੇ ਵਧੇ ਭਾਅ ਨੇ ਵਿਗਾੜਿਆ ਗ੍ਰਹਿਣੀਆਂ ਦਾ ਬਜਟ

ਪਿਛਲੇ ਕਰੀਬ 10 ਦਿਨਾਂ ਤੋਂ ਅਚਾਨਕ ਹਰੀਆਂ ਸਬਜ਼ੀਆਂ ਦੇ ਰੇਟਾਂ ਚ ਆਏ ਉਛਾਲ ਨੂੰ ਲੈ ਕੇ ਮੱਧ ਵਰਗੀ ਪਰਿਵਾਰਾਂ ਨਾਲ ਸੰਬੰਧਿਤ ਗ੍ਰਹਿਣੀਆਂ ਬਲਜਿੰਦਰ ਕੌਰ, ਪਰਮਜੀਤ ਕੌਰ, ਲਖਵੀਰ ਕੌਰ, ਸਿਮਰਨਜੀਤ ਕੌਰ, ਸੁਖਵਿੰਦਰ ਕੌਰ, ਪ੍ਰਿਆ ਰਾਣੀ ਅਤੇ ਬਲਜੀਤ ਕੌਰ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਵੱਧ ਜਾਣ ਕਾਰਨ ਰਸੋਈ ਨੂੰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਸਬਜ਼ੀਆਂ ਤੇ ਦਾਲਾਂ ਤੋਂ ਇਲਾਵਾ ਰਸੋਈ ਚ ਇਸਤੇਮਾਲ ਹੋਣ ਵਾਲੀਆਂ ਆਮ ਵਸਤਾਂ ਦੇ ਵਧਦੇ ਰੇਟਾਂ ਕਾਰਨ ਰਸੋਈ ਦਾ ਬਜਟ ਵਿਗੜ ਗਿਆ ਹੈ। ਸ਼ਾਮ ਢਲਦੇ ਹੀ ਉਨ੍ਹਾਂ ਨੂੰ ਸੋਚਣਾ ਪੈ ਜਾਂਦਾ ਹੈ ਕਿ ਆਖ਼ਰ ਉਹ ਕਿਹੜੀ ਸਬਜ਼ੀ ਬਣਾਉਣ ਜਾਂ ਨਾ ਬਣਾਉਣ। ਹਰੇਕ ਸਬਜ਼ੀਆਂ ਦੇ ਭਾਅ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋ ਗਿਆ ਹੈ। ਪਰਿਵਾਰ ਨੂੰ ਰੋਟੀ ਸਬਜ਼ੀ ਬਣਾ ਕੇ ਦੇਣ ਲਈ ਘੱਟ ਮਾਤਰਾ ਚ ਸਬਜ਼ੀ ਵਗੈਰਾ ਖ਼ਰੀਦ ਕੇ ਬਿਨਾਂ ਪਿਆਜ਼, ਲਸਣ ਅਤੇ ਅਦਰਕ ਤੋਂ ਤਿਆਰ ਕਰਕੇ ਗੁਜ਼ਾਰਾ ਚਲਾਉਣਾ ਪੈ ਰਿਹਾ ਹੈ। ਨਿੱਤ ਵਧਦੀ ਜਾ ਰਹੀ ਮਹਿੰਗਾਈ ਕਾਰਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਘਰ ਦਾ ਗੁਜ਼ਾਰਾ ਵੀ ਚਲਾਉਣਾ ਮੁਸ਼ਕਿਲ ਹੋ ਗਿਆ ਹੈ।

ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀ ਪਰੇਸ਼ਾਨ

ਹਰੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਮਨਮੋਹਣ ਸਿੰਘ, ਪ੍ਰਗਟ ਸਿੰਘ, ਜਸਬੀਰ ਸਿੰਘ, ਅਮਨਦੀਪ ਸਿੰਘ ਅਤੇ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਹਰੇਕ ਸਾਲ ਬਾਰਸ਼ ਦੇ ਸੀਜ਼ਨ ਦੌਰਾਨ ਹਰੀਆਂ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਆਮ ਦਿਨਾਂ ਦੇ ਮੁਕਾਬਲੇ ਪੈਦਾ ਹੋਣ ਸਬਜ਼ੀਆਂ ਦੀ ਫ਼ਸਲ ਬਾਰਸ਼ ਦੌਰਾਨ ਘੱਟ ਹੋ ਜਾਂਦੀ ਹੈ। ਸਬਜ਼ੀਆਂ ਦੀਆਂ ਵੇਲਾਂ ਅਤੇ ਬੂਟਿਆਂ ਤੇ ਆਉਣ ਵਾਲਾ ਫੁੱਲ ਤੇਜ਼ ਬਾਰਸ਼ ਕਾਰਨ ਝੜ ਜਾਂਦਾ ਹੈ ਅਤੇ ਫ਼ਸਲ ਬਰਬਾਦ ਹੋ ਜਾਂਦੀ ਹੈ, ਜਿਸ ਕਾਰਨ ਸਬਜ਼ੀਆਂ ਦੀ ਪੈਦਾਵਾਰ ਘੱਟ ਹੁੰਦੀ। ਇਸ ਤੋਂ ਇਲਾਵਾ ਜ਼ਿਆਦਾ ਬਾਰਸ਼ ਪੈਣ ਕਾਰਨ ਖੇਤਾਂ ਚ ਲੱਗੀਆਂ ਸਬਜ਼ੀਆਂ ਪਾਣੀ ਚ ਡੁੱਬ ਕੇ ਖ਼ਰਾਬ ਹੋ ਜਾਂਦੀਆਂ ਹਨ। ਇਨ੍ਹਾਂ ਮੁੱਖ ਕਾਰਨਾਂ ਦੇ ਚੱਲਦੇ ਆਮ ਤੌਰ ਤੇ ਸਬਜ਼ੀ ਮੰਡੀ ਚ ਪਹੁੰਚਣ ਵਾਲੀ ਫ਼ਸਲ ਦੀ ਆਮਦ ਘੱਟ ਜਾਂਦੀ ਹੈ। ਸਬਜ਼ੀਆਂ ਦੀ ਆਮਦ ਚ ਕਮੀ ਹੋਣ ਕਾਰਨ ਇਨ੍ਹਾਂ ਦੇ ਰੇਟ ਕਈ ਗੁਣਾ ਵੱਧ ਜਾਂਦੇ ਹਨ ਜੋ ਕਿ ਬਾਰਸ਼ ਦਾ ਸੀਜ਼ਨ ਖ਼ਤਮ ਹੋਣ ਬਾਦ ਹੀ ਘੱਟ ਹੋ ਪਾਉਂਦੇ ਹਨ।

ਬਾਰਸ਼ ਦੇ ਮੌਸਮ ਨੇ ਵਿਗਾੜੀ ਹਰੀਆਂ ਸਬਜ਼ੀਆਂ ਦੀ ਚਾਲ, ਰੇਟ ਹੋਏ ਤੇਜ਼

ਸੂਬੇ ਚ ਤੈਅ ਸਮੇਂ ਤੋਂ ਪਹਿਲਾਂ ਐਕਟਿਵ ਹੋਏ ਮਾਨਸੂਨ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਬਾਰਸ਼ ਦੇ ਮੌਸਮ ਦਾ ਹਰੀਆਂ ਸਬਜ਼ੀਆਂ ਬੁਰਾ ਪ੍ਰਭਾਵ ਪਿਆ ਹੈ, ਜਿਸ ਕਾਰਨ ਸਬਜ਼ੀਆਂ ਦੇ ਰੇਟ ਵੱਧ ਗਏ ਹਨ। ਪਿਛਲੇ ਕਰੀਬ ਦੱਸ ਦਿਨਾਂ ਤੋਂ ਸਬਜ਼ੀਆਂ ਦੇ ਭਾਅ ਦਿਨ ਬ ਦਿਨ ਤੇਜ਼ ਹੁੰਦੇ ਜਾ ਰਹੇ ਹਨ। ਕਈ ਸਬਜ਼ੀਆਂ ਦੇ ਰੇਟ ਤਾਂ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ  ਹੋ ਗਏ ਹਨ। ਸਬਜ਼ੀਆਂ ਦੇ ਵਧੇ ਰੇਟਾਂ ਨੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬਜਟ ਤੇ ਕਾਫੀ ਬੁਰਾ ਪ੍ਰਭਾਵ ਪਾਇਆ ਹੈ। ਜ਼ਿਆਦਾਤਰ ਲੋਕਾਂ ਨੇ ਸਬਜ਼ੀਆਂ ਦੀ ਖ਼ਰੀਦਦਾਰੀ ਕਾਫੀ ਘੱਟ ਕਰ ਦਿੱਤੀ ਹੈ। ਸਬਜ਼ੀ ਮੰਡੀ ਦੇ ਆੜ੍ਹਤੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਬਜ਼ੀਆਂ ਦੇ ਭਾਅ ਮੌਜੂਦਾ ਦਿਨਾਂ ਚ ਪ੍ਰਤੀ ਕਿੱਲੋ ਕੀ ਚੱਲ ਰਹੇ ਹਨ।

ਸਬਜ਼ੀਆਂ ਪਹਿਲਾਂ ਦੇ ਰੇਟ (ਪ੍ਰਤੀ ਕਿੱਲੋ) ਹੁਣ (ਰੁਪਏ ਚ)

ਹਰੇ ਮਟਰ     40            100-120   
ਗੋਭੀ        20            60  
ਘੀਆ       20            60
ਪੇਠਾ        10            30
ਬੈਂਗਣ       20            40
ਅਰਬੀ       20             60
ਕਰੇਲਾ       20            40
ਭਿੰਡੀ        20            50
ਸ਼ਿਮਲਾ ਮਿਰਚ  40            80
ਖੀਰਾ        10            50
ਹਰੀ ਫਲੀ     30            60
ਪਿਆਜ਼      10-15          25
ਆਲੂ       10             20
ਲਾਲ ਟਮਾਟਰ  20-30          60-70
ਨਿੰਬੂ        40            100
ਹਰੀ ਮਿਰਚ     20            60
ਲਸਣ        40            80
ਅਦਰਕ      40            100

ਕੀ ਕਹਿਣਾ ਹੈ ਕਿ ਸਬਜ਼ੀ ਮੰਡੀ ਦੇ ਆੜ੍ਹਤੀਆਂ ਦਾ

ਸਬਜ਼ੀ ਮੰਡੀ ਚ ਆੜ੍ਹਤ ਦਾ ਕਾਰੋਬਾਰ ਕਰਨ ਵਾਲੇ ਆੜ੍ਹਤੀ ਹਰਵਿੰਦਰ ਕੁਮਾਰ, ਰਾਜ ਕੁਮਾਰ, ਇਕਬਾਲ ਸਿੰਘ ਅਤੇ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਅਚਾਨਕ ਬਾਰਸ਼ ਦਾ ਵੱਧ ਜਾਣਾ ਸਬਜ਼ੀਆਂ ਦੇ ਭਾਅ ਵਧਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਬਾਰਸ਼ ਦੇ ਦਿਨਾਂ ਚ ਪਿੱਛੋਂ ਹੀ ਫ਼ਸਲ ਦੀ ਆਮਦ ਅਚਾਨਕ ਘੱਟ ਹੋ ਜਾਂਦੀ ਹੈ। ਫ਼ਸਲ ਦੀ ਆਮਦ ਘੱਟ ਜਾਣ ਕਾਰਨ ਸਬਜ਼ੀਆਂ ਬੀਜਣ ਵਾਲੇ ਕਿਸਾਨ ਮੰਡੀ ਚ ਲਿਆਉਣ ਵਾਲੀਆਂ ਸਬਜ਼ੀਆਂ ਨੂੰ ਮਹਿੰਗੇ ਭਾਅ ਵੇਚਦੇ ਹਨ। ਇਸਦੇ ਬਾਦ ਆੜ੍ਹਤੀਆਂ ਵੱਲੋਂ ਆਪਣਾ ਕਮਿਸ਼ਨ, ਮੰਡੀਕਰਨ ਬੋਰਡ ਦੀ ਫ਼ੀਸ ਅਤੇ ਹੋਰ ਖ਼ਰਚੇ ਜੋੜਕੇ ਸਬਜ਼ੀਆਂ ਦੇ ਰੇਟ ਵੱਧ ਜਾਂਦੇ ਹਨ। ਉਸਦੇ ਉਪਰੰਤ ਸਬਜ਼ੀ ਮੰਡੀ ਚੋਂ ਸਬਜ਼ੀਆਂ ਖ਼ਰੀਦ ਕੇ ਗਲੀ-ਮੁਹੱਲਿਆਂ ਚ ਘੁੰਮ ਫਿਰ ਕੇ ਵੇਚਣ ਵਾਲੇ ਰੇਹੜੀ ਵਾਲੇ ਆਪਣਾ ਮੁਨਾਫ਼ਾ ਰੱਖ ਕੇ ਅੱਗੇ ਵੇਚਦੇ ਹਨ। ਜਿਸ ਕਾਰਨ ਆਮ ਦਿਨਾਂ ਚ ਸਸਤੇ ਭਾਅ ਮਿਲਣ ਵਾਲੀਆਂ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ। ਜਿਵੇਂ ਹੀ ਸਬਜ਼ੀ ਮੰਡੀ ਚ ਸਬਜ਼ੀਆਂ ਦੀ ਆਮਦ ਵੱਧ ਜਾਵੇਗੀ ਤਾਂ ਉਦੋਂ ਹੀ ਰੇਟ ਘੱਟ ਜਾਣਗੇ। ਜੇਕਰ ਭਾਰੀ ਬਾਰਸ਼ ਹੋਣ ਕਾਰਨ ਸਬਜ਼ੀਆਂ ਦੀ ਆਮਦ ਘੱਟ ਗਈ ਤਾਂ ਸਬਜ਼ੀਆਂ ਰੇਟ ਦੇ ਹੋਰ ਵੀ ਵੱਧ ਸਕਦੇ ਹਨ।