ਅੰਡਰ-25 ਲੜਕਿਆਂ ਦੇ ਕਬੱਡੀ ਮੁਕਾਬਲੇ ਚ ਜੜੋਤ ਸਕੂਲ ਦੀ ਟੀਮ ਨੇ ਗੱਢੀ ਜਿੱਤ ਦੀ ਝੰਡੀ

Last Updated: Jul 21 2019 15:45
Reading time: 1 min, 21 secs

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹੇ ਵਿੱਚ ਬਲਾਕ ਪੱਧਰ ਤੇ ਅੰਡਰ-14, 18 ਅਤੇ 25 ਉਮਰ ਦੇ ਲੜਕੇ ਅਤੇ ਲੜਕੀਆਂ ਵਰਗ ਦੇ (ਨੈਸ਼ਨਲ ਸਟਾਈਲ) ਦੇ ਦੋ ਰੋਜ਼ਾ ਮੁਕਾਬਲੇ ਕਰਵਾਏ ਗਏ। ਬਲਾਕ ਪੱਧਰੀ ਕਬੱਡੀ ਮੁਕਾਬਲਿਆਂ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੇ ਆਖ਼ਰੀ ਦਿਨ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਪ੍ਰਬੰਧਕਾਂ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਟ੍ਰਾਫੀ ਅਤੇ ਮੋਮੈਂਟੋ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਕਾਰਜਕਾਰੀ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ ਨਗਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਮਾਜਰੀ ਦੇ ਕਬੱਡੀ ਮੁਕਾਬਲਿਆਂ ਦੌਰਾਨ ਅੰਡਰ-14 ਲੜਕਿਆਂ ਵਿੱਚ ਸਰਕਾਰੀ ਸਕੂਲ ਫਾਟਵਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਅੰਡਰ-14 ਲੜਕੀਆਂ ਵਰਗ ਦੇ ਮੁਕਾਬਲੇ ਚ ਸਰਕਾਰੀ ਸਕੂਲ ਮਾਜਰੀ ਨੇ ਪਹਿਲਾ, ਅੰਡਰ-18 ਲੜਕਿਆਂ ਦੇ ਮੁਕਾਬਲੇ ਚ ਕਰਤਾਰਪੁਰ ਸਕੂਲ ਨੇ ਪਹਿਲਾ ਅਤੇ ਅੰਡਰ-25 ਵਰਗ ਦੇ ਲੜਕਿਆਂ ਵਿਚਕਾਰ ਹੋਏ ਕਬੱਡੀ ਮੁਕਾਬਲੇ ਚ ਸਰਕਾਰੀ ਸਕੂਲ ਕਰਤਾਰਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਲਾਕ ਡੇਰਾਬੱਸੀ ਦੇ ਮੁਕਾਬਲਿਆਂ ਦੌਰਾਨ ਅੰਡਰ-14 ਲੜਕੀਆਂ ਵਿੱਚ ਗੁਰੂ ਨਾਨਕ ਸਕੂਲ ਪਹਿਲੇ, ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਰੁੜਕੀ ਪਹਿਲੇ ਅਤੇ ਅੰਡਰ-18 ਲੜਕਿਆਂ ਦੇ ਮੁਕਾਬਲੇ ਚ ਸਰਕਾਰੀ ਸਕੂਲ ਲਾਲੜੂ ਦੀ ਟੀਮ ਪਹਿਲੇ ਸਥਾਨ ਤੇ ਰਹੀ।

ਕਾਰਜਕਾਰੀ ਜ਼ਿਲ੍ਹਾ ਖੇਡ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਅੰਡਰ-25 ਉਮਰ ਵਰਗ ਦੇ ਲੜਕਿਆਂ ਦੇ ਕਬੱਡੀ ਮੁਕਾਬਲੇ ਵਿੱਚ ਜੜੋਤ ਸਕੂਲ ਦੀ ਟੀਮ ਨੇ ਆਪਣੀ ਵਿਰੋਧੀ ਟੀਮ ਨੂੰ ਹਰਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਬਲਾਕ ਖਰੜ ਦੇ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਦਾਊਂ ਦੀ ਝੰਡੀ ਰਹੀ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਪਹਿਲਾ ਸਥਾਨ ਸਰਕਾਰੀ ਮਿਡਲ ਸਕੂਲ ਰੁੜਕੀ ਪੁਖ਼ਤਾ ਨੂੰ ਮਿਲਿਆ। ਜਦਕਿ ਅੰਡਰ-18 ਲੜਕਿਆਂ ਦੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਦਾਊਂ ਅਤੇ ਅੰਡਰ-25 ਲੜਕਿਆਂ ਦੇ ਮੁਕਾਬਲੇ ਵਿੱਚ ਖਰੜ ਕਬੱਡੀ ਕਲੱਬ ਜੇਤੂ ਰਿਹਾ।