ਜਲ ਸ਼ਕਤੀ ਅਭਿਆਨ ਤਹਿਤ ਤਿੰਨ ਮੈਂਬਰੀ ਕੇਂਦਰੀ ਟੀਮ ਨੇ ਦੌਰਿਆਂ ਦੀ ਲਿਆਂਦੀ ਹਨੇਰੀ !!

Last Updated: Jul 21 2019 14:54
Reading time: 2 mins, 16 secs

ਜ਼ਮੀਨ ਥੱਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਅਤੇ ਪਾਣੀ ਨੂੰ ਦੁਰਵਰਤੋਂ ਨੂੰ ਰੋਕਣ ਦੀ ਦਿਸ਼ਾ 'ਚ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਸੁਰੂ ਕੀਤੇ ਗਏ ਜਲ ਸ਼ਕਤੀ ਅਭਿਆਨ ਤਹਿਤ ਜਿਲ੍ਹਾ ਫਤਹਿਗੜ ਸਾਹਿਬ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰ ਸੰਯੁਕਤ ਸਕੱਤਰ ਡਾ.ਨਵਲ ਜੀਤ ਕਪੂਰ ਦੀ ਅਗਵਾਈ ਚ ਤਿੰਨ ਮੈਂਬਰੀ ਕੇਂਦਰੀ ਟੀਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜਿਲੇ ਦੇ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲੋਕਾਂ ਨੂੰ ਪਾਣੀ ਬਚਾਉਣ ਸੰਬੰਧੀ ਸਮਾਜਸੇਵੀ ਸੰਸਥਾਵਾਂ, ਵਿਦਿਅਕ ਅਦਾਰਿਆਂ, ਉਦਯੋਗਿਕ ਯੂਨਿਟਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕਰਕੇ ਬਰਸਾਤੀ ਪਾਣੀ ਦੀ ਰੀਚਾਰਜਿੰਗ ਸੰਬੰਧੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਸੰਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟੀਮ 'ਚ ਸ਼ਾਮਲ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਨਵੀਂ ਦਿੱਲੀ) ਦੇ ਡਾਇਰੈਕਟਰ ਗੁਰਜੀਤ ਸਿੰਘ ਅਤੇ ਸੀਐਸਐਮਆਰਐਸ ਨਵੀਂ ਦਿੱਲੀ ਦੇ ਵਿਗਿਆਨੀ ਰਾਜੀਵ ਕੁਮਾਰ ਭਾਰਤੀ ਦੇ ਨਾਲ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ, ਏਡੀਸੀ ਜਗਵਿੰਦਰਜੀਤ ਸਿੰਘ ਸੰਧੂ ਤੇ ਹੋਰ ਅਧਿਕਾਰੀਆਂ ਨੇ ਬਾਗੜੀਆਂ (ਫੱਗਣਮਾਜਰਾ) ਸਥਿਤ ਸਰਕਾਰੀ ਮੱਛੀ ਫਾਰਮ ਅਤੇ ਪਿੰਡਾਂ ਦੇ ਛੱਪੜਾਂ ਦਾ ਜਾਇਜਾ ਲਿਆ।

ਮੱਛੀ ਫਾਰਮ ਦਾ ਦੌਰਾ ਕਰਨ ਸਮੇਂ ਕੇਂਦਰੀ ਟੀਮ ਦੀ ਅਗਵਾਈ ਕਰ ਰਹੇ ਜਨ ਜਾਤੀਆਂ ਮਾਮਲਿਆਂ ਸੰਬੰਧੀ ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ.ਨਵਲ ਜੀਤ ਕਪੂਰ ਨੇ ਅਧਿਕਾਰੀਆਂ ਨੂ ਹਦਾਇਤ ਕੀਤੀ ਕਿ ਮੱਛੀ ਫਾਰਮ ਦੇ ਪਾਣੀ ਨੂੰ ਵਾਟਰ ਟਰੀਟਮੈਂਟ ਪਲਾਂਟ ਰਾਹੀਂ ਸਾਫ ਕਰਕੇ ਇਸਦੀ ਖੇਤੀ ਲਈ ਵਰਤੋਂ ਕੀਤੀ ਜਾਵੇ ਅਤੇ ਮੱਛੀ ਫਾਰਮ ਦੇ ਪਾਣੀ ਨੂੰ ਬੇਕਾਰ ਨਾ ਜਾਣ ਦਿੱਤਾ ਜਾਵੇ ਸਗੋਂ ਇਸਦੀ ਸੰਜਮ ਅਤੇ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਧੰਦਾ ਕਿਸਾਨਾਂ ਲਈ ਵੀ ਬੇਹੱਦ ਫਾਇਦੇਮੰਦ ਧੰਦਾ ਹੈ ਅਤੇ ਇਸ ਲਈ ਜ਼ਿਲੇ ਦੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਲਈ ਪ੍ਰੇਰਿਤ ਕੀਤਾ ਜਾਵੇ। ਇਸਤੋਂ ਇਲਾਵਾ ਜਲ ਸ਼ਕਤੀ ਅਭਿਆਨ ਨੂੰ ਘਰ-ਘਰ ਪਹੁੰਚਾਉਣ ਦੀ ਜਰੂਰਤ ਹੈ ਤਾਂ ਕਿ ਅਸੀਂ ਕੁਦਰਤੀ ਸੋਮੇ ਪਾਣੀ ਨੂੰ ਆਉਣ ਵਾਲੀਆਂ ਪੀੜੀਆਂ ਦੀ ਭਲਾਈ ਲਈ ਬਚਾਅ ਸਕੀਏ। ਇਸਤੋਂ ਉਪਰੰਤ ਕੇਂਦਰੀ ਟੀਮ ਵੱਲੋਂ ਪਿੰਡ ਸੈਂਪਲਾਂ ਅਤੇ ਚੁੰਨੀ ਕਲਾਂ ਦੇ ਛੱਪੜਾਂ ਦਾ ਵੀ ਜਾਇਜਾ ਲਿਆ ਗਿਆ ਅਤੇ ਛੱਪੜਾਂ ਦੀ ਸਫਾਈ ਕਰਵਾਉਣ ਸੰਬੰਧੀ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਾ.ਨਵਲ ਜੀਤ ਕਪੂਰ ਨੇ ਕਿਹਾ ਕਿ ਛੱਪੜਾਂ ਦੀ ਮੁਕੰਮਲ ਸਫਾਈ ਕਰਵਾਈ ਜਾਵੇ ਅਤੇ ਛੱਪੜਾਂ ਦੁਆਲੇ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਇਸ਼ਦੇ ਨਾਲ ਹੀ ਪੇਂਡੂ ਛੱਪੜਾਂ ਦਾ ਮੱਛੀ ਪਾਲਣ ਲਈ ਵੀ ਇਸਤੇਮਾਲ ਕੀਤਾ ਜਾਵੇ। ਇਸ ਸੰਬੰਧ 'ਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਪੰਚਾਇਤਾਂ ਦੀ ਆਮਦਨ ਚ ਵੀ ਵਾਧਾ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਜ਼ਿਲੇ ਵਿੱਚ ਛੱਪੜਾਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਕਰਵਾਕੇ ਉਨ੍ਹਾਂ ਦੇ ਆਲੇ ਦੁਆਲੇ ਖਾਲੀ ਥਾਵਾਂ ਤੇ ਬੂਟੇ ਲਗਵਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ਅਸਿਸਟੈਂਟ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ, ਐਕਸੀਅਨ ਪੰਚਾਇਤੀ ਰਾਜ ਜਸਵੀਰ ਸਿੰਘ, ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਕੇਸਰ ਸਿੰਘ, ਬਲਾਕ ਖੇੜਾ ਦੇ ਬੀਡੀਪੀਓ ਹਰਕੀਰਤ ਸਿੰਘ, ਬੀਡੀਪੀਓ ਖਮਾਣੋ ਸੁਰਿੰਦਰ ਸਿੰਘ ਧਾਲੀਵਾਲ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।