ਸਪੀਡੋਮੀਟਰ ਦਾ ਇਸਤੇਮਾਲ ਕਰਕੇ ਟਰੈਫਿਕ ਪੁਲੀਸ ਨੇ ਓਵਰ ਸਪੀਡਿੰਗ ਵਾਹਨਾਂ ਦੇ ਕੱਟੇ ਚਲਾਨ

Last Updated: Jul 20 2019 19:04
Reading time: 0 mins, 53 secs

ਜ਼ਿਲ੍ਹੇ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਪੀਡ ਮੀਟਰ ਦਾ ਇਸਤੇਮਾਲ ਕਰਦੇ ਹੋਏ ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ ਪਟਿਆਲਾ-ਸਰਹਿੰਦ ਸੜਕ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਤੈਅ ਸਪੀਡ ਤੋਂ ਵੱਧ ਗਤੀ ਤੇ ਚਲਾਏ ਜਾ ਰਹੇ 11 ਵਾਹਨਾਂ ਦੇ ਚਲਾਨ ਕੱਟੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡੀਸ਼ਨਲ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਓਵਰ ਸਪੀਡਿੰਗ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਤੈਅ ਗਤੀ ਤੋਂ ਵੱਧ ਗੱਡੀਆਂ ਭਜਾਉਣ ਵਾਲੇ ਵਾਹਨ ਚਾਲਕਾਂ ਖਿਲਾਫ਼ ਮੁਹਿੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਭਵਿੱਖ 'ਚ ਵੀ ਵੱਖੋ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਵਾਹਨ ਚਲਾਉਣ ਵੇਲੇ ਹਰ ਇੱਕ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸੜਕ ਤੇ ਲੱਗੇ ਟ੍ਰੈਫਿਕ ਦੇ ਸੰਕੇਤ ਚਿੰਨ੍ਹਾਂ ਅਨੁਸਾਰ ਹੀ ਡਰਾਈਵਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਗੱਡੀ ਚਲਾਉਣ ਮੌਕੇ ਮੋਬਾਇਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸੀਟ ਬੈਲਟ ਲਗਾਉਣੀ ਵੀ ਯਕੀਨੀ ਬਣਾਈ ਜਾਵੇ ਤਾਂ ਕਿ ਹਾਦਸਾ ਹੋਣ ਦੀ ਸੂਰਤ ਵਿੱਚ ਵੀ ਬਚਾਅ ਹੋ ਸਕੇ।