ਬਰਸਾਤੀ ਪਾਣੀ ਦੀ ਰੀਚਾਰਜਿੰਗ ਲਈ ਲੋਕ ਘਰਾਂ 'ਚ ਲਗਵਾਉਣ ਰੇਨ ਵਾਟਰ ਹਾਰਵੈਸਟਿੰਗ ਸਿਸਟਮ - ਡਾ. ਕਪੂਰ

Last Updated: Jul 20 2019 17:06
Reading time: 2 mins, 9 secs

ਕੁਦਰਤੀ ਸਰੋਤ ਪਾਣੀ ਦੀ ਸਾਂਭ ਸੰਭਾਲ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਅਤੇ ਲੋਕਾਂ ਨੂੰ ਬਰਸਾਤੀ ਪਾਣੀ ਦੇ ਰੀਚਾਰਜਿੰਗ ਲਈ ਆਪਣੇ ਘਰਾਂ 'ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਵਾਉਣ ਲਈ ਪ੍ਰੇਰਿਤ ਕਰਨ ਤਾਂ ਕਿ ਘਰਾਂ ਦੀਆਂ ਛੱਤਾਂ ਦਾ ਬਰਸਾਤੀ ਪਾਣੀ ਬੇਕਾਰ ਨਾ ਜਾਵੇ। ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਲ ਸ਼ਕਤੀ ਅਭਿਆਨ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਲਈ ਕੇਂਦਰੀ ਨੋਡਲ ਅਫ਼ਸਰ ਤਾਇਨਾਤ ਕੀਤੇ ਜਨ ਜਾਤੀਆਂ ਦੇ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਨਵਲ ਜੀਤ ਕਪੂਰ ਨੇ ਸਮਾਜਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਪਾਣੀ ਨੂੰ ਬਚਾਉਣ ਸਬੰਧੀ ਬੁਲਾਈ ਮੀਟਿੰਗ ਦੌਰਾਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਜਲ ਸ਼ਕਤੀ ਅਭਿਆਨ ਤਹਿਤ ਪਹੁੰਚੀ ਤਿੰਨ ਮੈਂਬਰੀ ਕੇਂਦਰੀ ਟੀਮ 'ਚ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਸਬੰਧੀ ਮੰਤਰਾਲੇ, ਨਵੀਂ ਦਿੱਲੀ ਦੇ ਡਾਇਰੈਕਟਰ ਗੁਰਜੀਤ ਸਿੰਘ ਅਤੇ ਸੀਐਸਐਮਆਰਐਸ ਨਵੀਂ ਦਿੱਲੀ ਦੇ ਵਿਗਿਆਨੀ ਰਾਜੀਵ ਕੁਮਾਰ ਭਾਰਤੀ ਵੀ ਸ਼ਾਮਲ ਹਨ।

ਮੀਟਿੰਗ ਦੌਰਾਨ ਡਾ. ਨਵਲ ਜੀਤ ਕਪੂਰ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਸ਼ੇਸ਼ ਯੋਜਨਾ ਤਿਆਰ ਕਰਕੇ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਤੇ ਬੇਕਾਰ ਜਾਣ ਵਾਲੇ ਬਰਸਾਤੀ ਪਾਣੀ ਦੀ ਰੀਚਾਰਜਿੰਗ ਲਈ ਲਗਾਏ ਜਾਣ ਵਾਲੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਬੰਧੀ ਤਕਨੀਕੀ ਜਾਣਕਾਰੀ ਦੇਣ। ਨਾਲ ਹੀ ਅਤੇ ਇਸ ਸਬੰਧੀ ਆਉਣ ਵਾਲੇ ਖ਼ਰਚੇ ਅਤੇ ਮਾਡਲ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਕਿ ਲੋਕ ਘੱਟ ਲਾਗਤ ਨਾਲ ਇਸ ਸਿਸਟਮ ਨੂੰ ਲਗਵਾ ਸਕਣ। ਉਨ੍ਹਾਂ ਨੇ ਸਮਾਜਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਮੁਹੱਲਿਆਂ ਅਤੇ ਪਿੰਡਾਂ ਨੂੰ ਗੋਦ ਲੈ ਕੇ ਅਤੇ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਤੇ ਸੰਜਮ ਨਾਲ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਸਮਾਜਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਅਤੇ ਵਾਰਡ ਪੱਧਰ ਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੈਂਪ ਲਗਾਏ ਜਾਣਗੇ ਤਾਂ ਕਿ ਬਰਸਾਤੀ ਪਾਣੀ ਦੀ ਰੀਚਾਰਜਿੰਗ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਦਿਨ ਪ੍ਰਤੀ ਪੈਦਾ ਹੋ ਰਹੇ ਪਾਣੀ ਦੇ ਸੰਕਟ ਦੀ ਸਮੱਸਿਆ ਨੂੰ ਇਕੱਠੇ ਹੋ ਕੇ ਹੀ ਨਜਿੱਠਿਆ ਜਾ ਸਕਦਾ ਹੈ। ਜੇਕਰ ਕੁਦਰਤੀ ਸਰੋਤ ਪਾਣੀ ਦੀ ਸਾਂਭ ਸੰਭਾਲ ਅਤੇ ਇਸ ਦੀ ਸੰਜਮ ਨਾਲ ਵਰਤੋਂ ਕਰਨ ਵਿੱਚ ਲਾਪਰਵਾਹੀ ਵਰਤੀ ਜਾਵੇਗੀ ਤਾਂ ਇਨਸਾਨ ਨੂੰ ਆਉਣ ਵਾਲੇ ਸਮੇਂ ਵਿੱਚ ਬੇਹੱਦ ਜਲ ਸੰਕਟ ਦਾ ਸਾਹਮਣਾ ਕਰਨਾ ਪਵੇਗਾ।

ਇਸ ਮੌਕੇ ਅਸਿਸਟੈਂਟ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ ਨੇ ਵਿਸ਼ਵਾਸ ਦਵਾਇਆ ਕਿ ਪੰਚਾਇਤੀ ਵਿਭਾਗ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਘਰਾਂ 'ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਵਾਉਣ ਤੇ ਪਾਣੀ ਦਾ ਸੰਜਮ ਨਾਲ ਇਸਤੇਮਾਲ ਕਰਨ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਣ ਸਬੰਧੀ ਵੱਧ ਤੋਂ ਵੱਧ ਪ੍ਰੇਰਿਤ ਕਰੇਗਾ। ਇਸ ਮੌਕੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ। ਮੀਟਿੰਗ ਦੇ ਉਪਰੰਤ ਕੇਂਦਰੀ ਟੀਮ ਵੱਲੋਂ ਪਿੰਡ ਹਰਲਾਲਪੁਰਾ ਦੇ ਐਲੀਮੈਂਟਰੀ ਸਕੂਲ ਅਤੇ ਪੀਰ ਬਾਬਾ ਹਾਜ਼ੀ ਸ਼ਾਹ ਦੇ ਡੇਰੇ ਵਿਖੇ ਪੌਦੇ ਵੀ ਲਗਾਏ ਗਏ।