ਸਵਾ ਕਰੋੜ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ ਸੜਕ ਦੀ ਕੀਤੀ ਕਾਇਆ ਕਲਪ

Last Updated: Jun 20 2019 18:20
Reading time: 1 min, 38 secs

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਪੜਾਅ ਵਾਰ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਤੇ ਹਲਕਾ ਫ਼ਤਹਿਗੜ ਸਾਹਿਬ ਦੇ ਵਿਕਾਸ ਲਈ ਜੰਗੀ ਪੱਧਰ ਤੇ ਵਿਕਾਸ ਕਾਰਜ ਜਾਰੀ ਹਨ। ਇਨ੍ਹਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਹੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ ਦੀ 18 ਫੁੱਟ ਚੌੜੀ ਕਰੀਬ 1.65 ਕਿਲੋਮੀਟਰ ਸੜਕ ਨੂੰ 33 ਫੁੱਟ ਕਰਕੇ ਇਸ ਸੜਕ ਦੀ ਕਾਇਆ ਕਲਪ ਕੀਤੀ ਗਈ ਹੈ। ਇਸ ਪ੍ਰੋਜੈਕਟ ਤੇ 1.25 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਹ ਜਾਣਕਾਰੀ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕੇ 'ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਤੀ ।

ਇਸ ਸਬੰਧੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਸੜਕ ਦੀ ਕਾਇਆ ਕਲਪ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਇਸ ਦੇ ਨਾਲ ਸ਼ਹੀਦੀ ਸਭਾ ਦੌਰਾਨ ਵੀ ਇਹ ਸੜਕ ਸੰਗਤ ਦੇ ਆਉਣ ਜਾਣ ਲਈ ਸਹਾਈ ਸਿੱਧ ਹੋਵੇਗੀ। ਹਲਕੇ ਦੀਆਂ ਵੱਖ-ਵੱਖ ਸੜਕਾਂ ਨੂੰ ਚਹੁੰ ਮਾਰਗੀ ਕਰਨ ਜਾਂ ਚੌੜਾ ਕਰਕੇ ਸੜਕਾਂ ਦੀ ਕਾਇਆ ਕਲਪ ਕਰਨ ਤੇ 100 ਕਰੋੜ ਰੁਪਏ ਤੋਂ ਵੱਧ ਖ਼ਰਚੇ ਜਾ ਰਹੇ ਹਨ। ਇਨ੍ਹਾਂ ਵਿੱਚ ਚਾਰ ਨੰ.ਚੁੰਗੀ ਤੋਂ ਲੈ ਕੇ ਜੋਤੀ ਸਰੂਪ ਮੋੜ ਤੱਕ ਦੀ ਸੜਕ, ਜੋਤੀ ਸਰੂਪ ਮੋੜ ਤੋਂ ਬਹਾਦਰਗੜ੍ਹ ਤੱਕ ਦੀ ਸੜਕ, 8.05 ਕਰੋੜ ਦੀ ਲਾਗਤ ਨਾਲ ਰੁੜਕੀ-ਚਨਾਰਥਲ-ਟੌਹੜਾ-ਤਰਖੇੜੀ ਸੜਕ, ਸਮੂਹ ਪਿੰਡਾਂ ਦੀਆਂ ਫਿਰਨੀਆਂ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਕਾਇਆ ਕਲਪ ਦੇ ਪ੍ਰੋਜੈਕਟ ਸ਼ਾਮਲ ਹਨ। ਇਹ ਸਾਰੇ ਹੀ ਪ੍ਰੋਜੈਕਟ ਜਲਦੀ ਤੋਂ ਜਲਦੀ ਪੂਰੇ ਕਰ ਦਿੱਤੇ ਜਾਣਗੇ।

ਵਿਧਾਇਕ ਨਾਗਰਾ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇੱਕ ਦਹਾਕੇ ਦੌਰਾਨ ਇਸ ਹਲਕੇ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ਇਸ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰੀਬ 400 ਕਰੋੜ ਰੁਪਏ ਦੇ ਪ੍ਰੋਜੈਕਟ ਹਲਕਾ ਫ਼ਤਹਿਗੜ ਸਾਹਿਬ ਨੂੰ ਦਿੱਤੇ ਹਨ। ਭਗੜਾਣਾ ਵਰਗੇ ਖੇਤਰ, ਜਿਸ ਦੇ ਵਿਕਾਸ ਵੱਲ ਕਿਸੇ ਨੇ ਕਦੇ ਉੱਕਾ ਹੀ ਧਿਆਨ ਨਹੀਂ ਦਿੱਤਾ, ਉਸ ਖੇਤਰ ਵਿੱਚ ਆਈ.ਟੀ.ਆਈ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਹ ਖ਼ੁਦ ਨੂੰ ਖ਼ੁਸ਼ ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿ‌ਲਿਆ ਹੈ।