ਐਪ.ਪੀ ਤੋਂ ਲਿਆ ਕੇ ਕਰਦੇ ਸੀ ਸਪਲਾਈ, ਦੋ ਅਫੀਮ ਸਮਗਲਰ 6 ਕਿੱਲੋ ਅਫੀਮ ਸਣੇ ਚੜ੍ਹੇ ਪੁਲਿਸ ਅੜਿੱਕੇ !!!

Last Updated: Jun 20 2019 17:42
Reading time: 1 min, 50 secs

ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਮੱਧ ਪ੍ਰਦੇਸ਼ ਅਤੇ ਹੋਰ ਬਾਹਰੀ ਸੂਬਿਆਂ 'ਚੋਂ ਨਸ਼ੀਲੇ ਪਦਾਰਥਾਂ ਨੂੰ ਪੰਜਾਬ ਲਿਆ ਕੇ ਸਪਲਾਈ ਕੀਤੇ ਜਾਣ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਚੈਕਿੰਗ ਦੌਰਾਨ ਦੋ ਅਫੀਮ ਸਪਲਾਇਰਾਂ ਨੂੰ 6 ਕਿੱਲੋ ਅਫੀਮ ਸਣੇ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਦੋਨਾਂ ਆਰੋਪੀਆਂ ਦੇ ਖ਼ਿਲਾਫ਼ ਥਾਣਾ ਸਦਰ ਖੰਨਾ 'ਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਅਫੀਮ ਬਰਾਮਦਗੀ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੀਐਸਪੀ (ਨਾਰਕੋਟਿਕਸ) ਜਤਿੰਦਰਪਾਲ ਸਿੰਘ ਅਤੇ ਥਾਣਾ ਸਦਰ ਖੰਨਾ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਦੀ ਨਿਗਰਾਨੀ 'ਚ ਸਬ-ਇੰਸਪੈਕਟਰ ਬਖਸ਼ੀਸ਼ ਸਿੰਘ ਪੁਲਿਸ ਮੁਲਾਜ਼ਮਾਂ ਦੇ ਨਾਲ ਪੈਟਰੋਲਿੰਗ ਦੌਰਾਨ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਖੰਨਾ ਤੋਂ ਦਹੈੜੂ ਪਿੰਡ ਵੱਲ ਜੀ.ਟੀ ਰੋਡ ਦੀ ਸਰਵਿਸ ਲੇਨ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਜਾ ਰਹੇ ਸਨ। ਪਿੰਡ ਲਿਬੜਾ ਦੇ ਖੇਡ ਸਟੇਡੀਅਮ ਕੋਲ ਭੂਰੇ ਰੰਗ ਦਾ ਬੈਗ ਚੁੱਕੀ ਪੈਦਲ ਆ ਰਹੇ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਸਟੇਡੀਅਮ ਵੱਲ ਮੁੜ ਗਏ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕ ਲਿਆ ਗਿਆ।

ਐਸਐਸਪੀ ਗੁਰਸਰਨਦੀਪ ਸਿੰਘ ਗਰੇਵਾਲ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀਆਂ ਨੂੰ ਰੋਕ ਕੇ ਡੀਐਸਪੀ (ਖੰਨਾ) ਦੀਪਕ ਰਾਏ ਦੀ ਮੌਜੂਦਗੀ 'ਚ ਉਨ੍ਹਾਂ ਕੋਲ ਚੁੱਕੇ ਬੈਗ ਦੀ ਚੈਕਿੰਗ ਕੀਤੀ ਤਾਂ ਤਲਾਸੀ ਦੌਰਾਨ ਬੈਗ ਅੰਦਰੋਂ ਪਾਲੀਥੀਨ ਲਿਫਾਫੇ 'ਚ ਲਪੇਟ ਕੇ ਰੱਖੀ ਹੋਈ 6 ਕਿੱਲੋ ਅਫੀਮ ਬਰਾਮਦ ਹੋਈ। ਜਿਸਦੇ ਚੱਲਦੇ ਦੋਨਾਂ ਵਿਅਕਤੀਆਂ ਨੂੰ ਅਫੀਮ ਦੀ ਖੇਪ ਸਣੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਪਹਿਚਾਣ ਜੀਵਨ ਸਿੰਘ ਵਾਸੀ ਪਿੰਡ ਬੋਰਦੀਆ ਖੁਰਦ, ਜ਼ਿਲ੍ਹਾ ਨੀਮਚ (ਮੱਧ ਪ੍ਰਦੇਸ਼) ਅਤੇ ਦਿਨੇਸ਼ ਵਾਸੀ ਪਿੰਡ ਬਰਖੇੜਾ ਲੋਇਆ, ਜ਼ਿਲ੍ਹਾ ਮੰਦਗੌਰ (ਮੱਧ ਪ੍ਰਦੇਸ਼) ਵਜੋਂ ਹੋਈ ਹੈ।

ਐਸਐਸਪੀ ਗਰੇਵਾਲ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਕਾਬੂ ਕੀਤੇ ਦੋਨਾਂ ਵਿਅਕਤੀਆਂ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਮੱਧ ਪ੍ਰਦੇਸ਼ ਤੋਂ ਨਸ਼ਾ ਤਸਕਰ ਕੋਲੋਂ ਅਫੀਮ ਨੂੰ ਤਸਕਰੀ ਕਰਕੇ ਪੰਜਾਬ ਲਿਆਉਂਦੇ ਹਨ ਅਤੇ ਬਾਅਦ 'ਚ ਲੁਧਿਆਣਾ ਅਤੇ ਹੋਰ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰ ਦਿੰਦੇ ਸਨ। ਬਰਾਮਦ ਅਫੀਮ ਨੂੰ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਪੰਜਾਬ ਆਏ ਸਨ। ਗ੍ਰਿਫ਼ਤਾਰ ਦੋਨਾਂ ਨਸ਼ਾ ਤਸਕਰਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਨੈਟਵਰਕ ਦਾ ਪਤਾ ਲਗਾਉਣ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।