ਪਲੇਸਮੈਂਟ ਕੈਂਪ 'ਚ ਪ੍ਰਾਈਵੇਟ ਕੰਪਨੀਆਂ ਨੇ 84 ਨੌਜਵਾਨਾਂ ਦੀ ਨੌਕਰੀ ਲਈ ਕੀਤੀ ਚੋਣ: ਏ.ਡੀ.ਸੀ ਬੈਂਸ

Last Updated: Jun 20 2019 14:42
Reading time: 1 min, 18 secs

ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ 'ਤੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਰੋਜ਼ਗਾਰ 'ਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਅਗਵਾਈ 'ਚ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਆਈ.ਸੀ.ਆਈ.ਸੀ.ਆਈ, ਪੇਟੀਐਮ, ਕੰਪੀਟੈਂਟ ਸਿਨਰਜੀ ਅਤੇ ਬਜਾਜ ਫਾਈਨਾਂਸ ਆਦਿ 4 ਨਾਮੀ ਕੰਪਨੀਆਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਪਲੇਸਮੈਂਟ ਕੈਂਪ ਦੌਰਾਨ 109 ਪ੍ਰਾਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਕੰਪਨੀ ਅਧਿਕਾਰੀਆਂ ਵੱਲੋਂ 84 ਨੌਜਵਾਨ ਲੜਕੇ ਤੇ ਲੜਕੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ।  

ਪਲੇਸਮੈਂਟ ਕੈਂਪ 'ਚ ਡਿਪਟੀ ਸੀ.ਈ.ਓ ਮਨਜੇਸ਼ ਕੁਮਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟਰੇਨਿੰਗ ਪਲੇਸਮੈਂਟ ਅਫ਼ਸਰ ਮਾਨਸੀ ਭਾਮਰੀ ਵੱਲੋਂ ਪਲੇਸਮੈਂਟ ਕੈਂਪ 'ਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਨੈਸ਼ਨਲ ਕੈਰੀਅਰ ਸਰਵਿਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਅਸਿਸਟੈਂਟ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪਾਂ ਦਾ ਉਦੇਸ਼ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੇ ਕੈਂਪਾਂ ਦਾ ਫ਼ਾਇਦਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਰੋਜ਼ਗਾਰ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ।

ਇਸ ਪਲੇਸਮੈਂਟ ਕੈਂਪ ਦੌਰਾਨ ਨੌਕਰੀ ਲਈ ਚੁਣੇ ਗਏ 84 ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ ਅਤੇ ਨਿਯੁਕਤ ਹੋਏ ਪ੍ਰਾਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮਿਹਨਤ ਤੇ ਲਗਨ ਨਾਲ ਆਪਣੀ ਨੌਕਰੀ ਪ੍ਰਤੀ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਅਸਿਸਟੈਂਟ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਨੌਜਵਾਨ ਬਿਊਰੋ ਦੇ ਦਫ਼ਤਰ 'ਚ ਕੰਮਕਾਜ ਵਾਲੇ ਸਮੇਂ ਸੰਪਰਕ ਕਰ ਸਕਦੇ ਹਨ।