ਦੁੱਧ ਦੇ 38 ਸੈਂਪਲਾਂ ਦੀ ਜਾਂਚ ਦੌਰਾਨ 8 'ਚ ਪਾਈ ਗਈ ਪਾਣੀ ਦੀ ਮਿਲਾਵਟ

Last Updated: Jun 20 2019 14:36
Reading time: 1 min, 41 secs

ਘਰਾਂ 'ਚ ਇਸਤੇਮਾਲ ਕੀਤੇ ਜਾਣ ਵਾਲੇ ਦੁੱਧ ਪ੍ਰਤੀ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਫ਼ੇਜ਼-2 ਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਸ਼ਹਿਰ ਦੇ ਸਮਾਜਸੇਵੀ ਨਿਰਮਲ ਸਿੰਘ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡੇਅਰੀ ਵਿਭਾਗ ਵੱਲੋਂ ਮੋਬਾਈਲ ਲੈਬੋਰੇਟਟਰੀ ਰਾਹੀਂ ਦੁੱਧ ਖਪਤਕਾਰਾਂ ਵੱਲੋਂ ਲਿਆਂਦੇ ਦੁੱਧ ਦੀ ਸੈਂਪਲਾਂ ਦੀ ਜਾਂਚ ਕਰਨ ਉਪਰੰਤ ਮੌਕੇ 'ਤੇ ਟੈੱਸਟਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁੱਧ 'ਚ ਸੰਭਾਵਿਤ ਮਿਲਾਵਟਾਂ ਸਬੰਧੀ ਜਾਣੂ ਕਰਵਾਇਆ ਗਿਆ।

ਇਸ ਮੌਕੇ ਦੁੱਧ ਦੇ ਸੈਂਪਲਾਂ ਦੀ ਕੀਤੀ ਗਈ ਜਾਂਚ ਸਬੰਧੀ ਡੇਅਰੀ ਟੈਕਨੋਲੋਜਿਸਟ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਅਧੀਨ ਮੋਬਾਈਲ ਲੈਬੋਰੇਟਰੀ ਦੁਆਰਾ ਦੁੱਧ ਦੇ 38 ਸੈਂਪਲਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋਂ 30 ਸੈਂਪਲ ਤੈਅ ਮਾਪਦੰਡਾਂ ਮੁਤਾਬਿਕ ਸਹੀ ਪਾਏ ਗਏ, ਜਦਕਿ 8 ਸੈਂਪਲਾਂ ਚ 14 ਤੋਂ 25 ਫ਼ੀਸਦੀ ਪਾਣੀ ਦੀ ਮਿਲਾਵਟ ਪਾਈ ਗਈ। ਦੁੱਧ ਸੈਂਪਲਾਂ ਚ ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਸੈਂਪਲ 'ਚ ਕੋਈ ਹਾਨੀਕਾਰਕ ਕੈਮੀਕਲ ਜਾਂ ਬਾਹਰੀ ਪਦਾਰਥ ਨਹੀਂ ਪਾਇਆ ਗਿਆ। ਦੁੱਧ ਖਪਤਕਾਰਾਂ ਨੂੰ ਦੁੱਧ ਦੇ ਸੈਂਪਲ ਟੈੱਸਟ ਕਰਨ ਉਪਰੰਤ ਮੌਕੇ 'ਤੇ ਲਿਖਤੀ ਰੂਪ 'ਚ ਮੁਫ਼ਤ ਨਤੀਜੇ ਦਿੱਤੇ ਗਏ।

ਡੇਅਰੀ ਟੈਕਨੋਲੋਜਿਸਟ ਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖ਼ਰੀਦੇ ਦੁੱਧ 'ਚ ਮੌਜੂਦ ਤੱਤਾਂ ਸਬੰਧੀ ਜਾਣਕਾਰੀ ਦੇਣਾ ਹੈ ਕਿਉਂਕਿ ਜਾਗਰੂਕ ਖਪਤਕਾਰ ਹੀ ਦੁੱਧ 'ਚ ਪਾਈ ਜਾਣ ਵਾਲੀ ਮਿਲਾਵਟ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਸਕਦੇ ਹਨ। ਅਜਿਹੇ ਜਾਗਰੂਕਤਾ ਕੈਂਪਾਂ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਵੀ ਦੁੱਧ ਦੇ ਸੈਂਪਲਾਂ ਦੀ ਮੁਫ਼ਤ ਜਾਂਚ ਕਰਵਾਈ ਜਾ ਸਕਦੀ ਹੈ। ਜੇਕਰ ਕਿਸੇ ਵੀ ਥਾਂ ਤੇ ਅਜਿਹਾ ਕੈਂਪ ਲਗਵਾਇਆ ਜਾਣਾ ਹੋਵੇ ਤਾਂ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ 'ਚ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਡੇਅਰੀ ਇੰਸਪੈਕਟਰ ਦੀਪਕ ਕੁਮਾਰ, ਮਨਪ੍ਰੀਤ ਸਿੰਘ, ਜਸਮੀਤ ਸਿੰਘ, ਹਰਦੇਵ ਸਿੰਘ, ਭਗਤ ਸਿੰਘ, ਸੁਰੇਸ਼ ਕੁਮਾਰ, ਗੁਰਦੀਪ ਸਿੰਘ, ਰਾਜੀਵ ਸੰਧੂ, ਸੁਦੇਸ਼, ਸੰਜੀਵ, ਸਿਮਰ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ ਆਦਿ ਤੋਂ ਇਲਾਵਾ ਹੋਰ ਇਲਾਕਾ ਵਾਸੀ ਵੀ ਮੌਜੂਦ ਸਨ।