ਜਿਲ੍ਹਾ ਪੱਧਰੀ ਯੋਗਾ ਸਮਾਰੋਹ ਤੇ ਮੌਸਮ 'ਚ ਆਈ ਤਬਦੀਲੀ ਪਈ ਭਾਰੂ, ਸਮਾਰੋਹ ਸਥਾਨ ਬਦਲਿਆ

Last Updated: Jun 20 2019 11:04
Reading time: 1 min, 29 secs

ਭਲਕੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੀਆ ਪਬਲਿਕ ਸਕੂਲ, ਮੰਡੀ ਗੋਬਿੰਦਗੜ ਵਿਖੇ ਆਯੋਜਿਤ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਯੋਗਾ ਸਮਾਰੋਹ ਤੇ ਮੌਸਮ ਚ ਆਈ ਤਬਦੀਲੀ ਭਾਰੂ ਪੈ ਗਈ ਹੈ। ਮੌਸਮ ਦੀ ਗੜਬੜੀ ਨੂੰ ਦੇਖਦੇ ਹੋਏ ਜ਼ਿਲ੍ਹਾ ਪੱਧਰੀ ਯੋਗਾ ਸਮਾਰੋਹ ਦਾ ਸਥਾਨ ਤਬਦੀਲ ਕਰਕੇ ਗੋਬਿੰਦਗੜ ਪਬਲਿਕ ਸਕੂਲ (ਜੀ.ਪੀ.ਐਸ), ਮੰਡੀ ਗੋਬਿੰਦਗੜ ਦੇ ਪੀ.ਆਈ.ਐਮ.ਟੀ ਕਾਲਜ 'ਚ ਕਰ ਦਿੱਤਾ ਗਿਆ ਹੈ। ਇਹ ਜ਼ਿਲ੍ਹਾ ਪੱਧਰੀ ਸਮਾਰੋਹ ਸਮਾਰੋਹ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 8 ਵਜੇ ਤੱਕ ਚੱਲੇਗਾ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰਵਾਸੀ ਅਤੇ ਨੌਜਵਾਨ ਸ਼ਾਮਲ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਯੋਗਾ ਸਮਾਰੋਹ ਆਰੀਆ ਪਬਲਿਕ ਸਕੂਲ 'ਚ ਕਰਵਾਇਆ ਜਾ ਰਿਹਾ ਸੀ। ਪਰ, ਹੁਣ ਮੌਸਮ 'ਚ ਆਈ ਤਬਦੀਲੀ ਕਾਰਨ ਸਮਾਰੋਹ ਦਾ ਸਥਾਨ ਬਦਲੀ ਕਰਕੇ ਗੋਬਿੰਦਗੜ ਪਬਲਿਕ ਸਕੂਲ ਦੇ ਪੀ.ਆਈ.ਐਮ.ਟੀ ਕਾਲਜ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਤਾਂ ਕਿ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆ ਸਕੇ। ਬਾਰਸ਼ ਦੇ ਬਣਦੇ ਮੌਸਮ ਨੂੰ ਦੇਖਦੇ ਹੋਏ ਸਮਾਰੋਹ ਸਥਾਨ ਬਦਲੀ ਕੀਤਾ ਗਿਆ ਹੈ। ਯੋਗ ਦਿਵਸ ਸਮਾਰੋਹ ਦੇ ਜ਼ਰੂਰੀ ਪ੍ਰਬੰਧਾਂ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਮਾਰੋਹ ਸਥਾਨ ਤੇ ਲੋੜੀਂਦੀਆਂ ਮੈਡੀਕਲ ਟੀਮਾਂ ਵੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡੀ.ਸੀ ਪ੍ਰਸ਼ਾਂਤ ਗੋਇਲ ਨੇ ਅੱਗੇ ਦੱਸਿਆ ਕਿ ਖੇਡ ਸੈਂਟਰਾਂ ਤੇ ਯੂਥ ਕਲੱਬਾਂ ਨਾਲ ਸੰਬੰਧਿਤ ਖਿਡਾਰੀਆਂ ਤੱ ਨੌਜਵਾਨਾਂ ਤੋਂ ਇਲਾਵਾ ਬਾਡੀਜ਼ ਅਤੇ ਡੈਪੋਜ਼ ਵੀ ਸਮਾਰੋਹ 'ਚ ਸ਼ਾਮਲ ਹੋਣਗੇ। ਚੰਗੇ ਸਮਾਜ ਦੀ ਸਿਰਜਣਾ ਲਈ ਲੋਕਾਂ ਦੀ ਚੰਗੀ ਸਿਹਤ ਜ਼ਰੂਰੀ, ਜਿਸਦੇ ਮੱਦੇਨਜ਼ਰ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਯੋਗ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਰੋਹ 'ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ। ਯੋਗ ਸਮਾਰੋਹ 'ਚ ਸ਼ਾਮਲ ਹੋਣ ਨਾਲ ਲੋਕਾਂ ਨੂੰ ਰੋਜ਼ਾਨਾ ਯੋਗ ਕਰਨ ਦੀ ਪ੍ਰੇਰਨਾ ਮਿਲੇਗੀ ਤੇ ਯੋਗ ਨੂੰ ਜ਼ਿੰਦਗੀ ਦਾ ਅੰਗ ਬਣਾਕੇ ਲੋਕ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਦੇ ਹਨ।