21 ਹਜ਼ਾਰ ਤੋਂ ਜ਼ਿਆਦਾ ਡੈਪੋਜ਼ ਜ਼ਿਲ੍ਹਾ ਫਤਹਿਗੜ ਸਾਹਿਬ 'ਚ ਪਾ ਰਹੇ ਨਸ਼ਿਆਂ ਖ਼ਿਲਾਫ਼ ਜੰਗ 'ਚ ਆਪਣਾ ਯੋਗਦਾਨ !!

Last Updated: Jun 19 2019 18:49
Reading time: 1 min, 43 secs

ਸੂਬੇ ਭਰ 'ਚ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡਰੱਗ ਐਬਿਊਜ਼ ਪ੍ਰੀਵੈਂਸ਼ਨ ਅਫ਼ਸਰ (ਡੈਪੋ) ਮੁਹਿੰਮ ਦੇ ਜ਼ਿਲ੍ਹਾ ਫਤਹਿਗੜ ਸਾਹਿਬ 'ਚ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਾਤਮੇ ਲਈ 21 ਹਜ਼ਾਰ ਤੋਂ ਵੱਧ ਡੈਪੋਜ਼ ਆਪਣਾ ਯੋਗਦਾਨ ਪਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੀਆਂ ਸਬ-ਡਵੀਜਨਾਂ ਵਿੱਚ ਹੁਣ ਤੱਕ 11827 ਡੈਪੋਜ਼ ਰਜਿਸਟਰਡ ਹੋ ਚੁੱਕੇ ਹਨ ਅਤੇ ਜ਼ਿਲ੍ਹਾ ਸਾਂਝ ਕੇਂਦਰ ਫਤਹਿਗੜ ਸਾਹਿਬ ਵੱਲੋਂ 7090 ਡੈਪੋ ਫਾਰਮ ਆਨਲਾਈਨ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਨਵੇਂ ਚੁਣੇ ਗਏ ਜ਼ਿਲ੍ਹਾ ਪਰਿਸ਼ਦ ਦੇ 10 ਮੈਂਬਰ, ਪੰਚਾਇਤ ਸੰਮਤੀ ਦੇ 70 ਮੈਂਬਰ, 373 ਸਰਪੰਚ ਅਤੇ 2013 ਪੰਚ ਵੀ ਡੈਪੋ ਬਣ ਚੁੱਕੇ ਹਨ ਅਤੇ ਬਾਕੀ ਰਹਿੰਦੇ ਪੰਚਾਂ-ਸਰਪੰਚਾਂ ਅਤੇ ਹੋਰ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਵੀ ਡੈਪੋ ਬਣਾਇਆ ਜਾਵੇਗਾ ਤਾਂ ਕਿ ਪਿੰਡ ਪੱਧਰ ਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਡੈਪੋ ਮੁਹਿੰਮ ਨਾਲ ਨਸ਼ਿਆਂ ਖ਼ਿਲਾਫ਼ ਜੰਗ 'ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ। ਮੁਹਿੰਮ ਤਹਿਤ ਡੈਪੋ ਬਣਨ ਵਾਲਿਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ ਹੈ ਅਤੇ ਇਹ ਅੱਗੇ ਹੋਰ ਲੋਕਾਂ ਨੂੰ ਨਸ਼ਿਆਂ ਦੇ ਬੂਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਹੇ ਹਨ। ਜਦੋਂ ਵੀ ਕਿਤੇ ਕਿਸੇ ਡੈਪੋ ਨੂੰ ਨਸ਼ਾ ਪੀੜਤ ਸਬੰਧੀ ਪਤਾ ਲੱਗਦਾ ਹੈ ਤਾਂ ਉਹ ਨਸ਼ਾ ਪੀੜਤ ਅਤੇ ਉਸਦੇ ਪਰਿਵਾਰ ਨੂੰ ਮਿਲਾਪਣੇ ਢੰਗ ਨਾਲ ਸਮਝਾਕੇ ਇਲਾਜ ਲਈ ਤਿਆਰ ਕਰਦਾ ਹੈ। ਸਰਕਾਰ ਵੱਲੋਂ ਨਸ਼ਾ ਪੀੜਤਾਂ ਦਾ ਇਲਾਜ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੇ ਓਟ ਕਲੀਨਿਕਾਂ 'ਚ ਮੁਫ਼ਤ ਕਰਵਾਇਆ ਜਾਂਦਾ ਹੈ। ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਵੱਖ-ਵੱਖ ਜਗਾ ਸੈਮੀਨਾਰ ਕਰਵਾਏ ਜਾ ਰਹੇ ਹਨ ਤੇ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ। ਡਾ. ਗੋਇਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਅਤੇ ਉਨ੍ਹਾਂ ਪ੍ਰਤੀ ਮਿਲਾਪੜਾ ਰਵੱਈਆ ਅਪਣਾ ਕੇ ਰੱਖਣ ਤਾਂ ਕਿ ਬੱਚੇ ਆਪਣੀ ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰਨ। ਜੇਕਰ ਕੋਈ ਇਨਸਾਨ ਨਸ਼ਿਆਂ ਦੀ ਲਪੇਟ 'ਚ ਆ ਵੀ ਗਿਆ ਹੈ ਤਾਂ ਵੀ ਉਸ ਪ੍ਰਤੀ ਦੋਸਤਾਨਾ ਰਵੱਈਆ ਅਪਣਾਕੇ ਉਸਨੂੰ ਇਲਾਜ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਹਰੇਕ ਵਿਅਕਤੀ ਨੂੰ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਨਵੇਂ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।