ਫੂਡ ਸੇਫ਼ਟੀ ਟੀਮ ਨੇ ਗਲੇ-ਸੜੇ ਫਲ ਤੇ ਸਬਜ਼ੀਆਂ ਨਸ਼ਟ ਕਰਵਾਈਆਂ, 6 ਵਿਅਕਤੀਆਂ ਦੇ ਕੱਟੇ ਚਲਾਨ

Last Updated: Jul 12 2018 19:18

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਸਰਹਿੰਦ ਸ਼ਹਿਰ 'ਚ ਫਲਾਂ ਤੇ ਸਬਜ਼ੀਆਂ ਵੇਚਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖ਼ਰਾਬ ਪਾਏ ਗਏ ਗਲੇ ਸੜੇ ਫਲ ਅਤੇ ਸਬਜ਼ੀਆਂ ਨੂੰ ਨਸ਼ਟ ਕਰਵਾਇਆ ਗਿਆ ਅਤੇ ਦੁਕਾਨਦਾਰਾਂ ਨੂੰ ਸਾਫ਼ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਟੀਮ ਅਧਿਕਾਰੀਆਂ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਚਲਾਨ ਕੱਟੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਫੂਡ ਸੇਫ਼ਟੀ ਟੀਮ ਵੱਲੋਂ ਚੈਕਿੰਗ ਦੌਰਾਨ ਫਲ ਅਤੇ ਸਬਜ਼ੀਆਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ 'ਤੇ ਖ਼ਰਾਬ ਪਾਏ ਗਏ ਫਲਾਂ ਅਤੇ ਸਬਜ਼ੀਆਂ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਧਾਰਾ-4 ਅਧੀਨ ਐਕਟ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਮਲੇਰੀਆ, ਡੇਂਗੂ ਤੇ ਚਿਕਨਗੁਨੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਕੇ ਇਨ੍ਹਾਂ ਬਿਮਾਰੀਆਂ ਦੇ ਕਾਰਨ, ਲੱਛਣਾਂ ਅਤੇ ਬਚਾਅ ਕਰਨ ਸਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਮੰਡੀ ਗੋਬਿੰਦਗੜ੍ਹ ਸ਼ਹਿਰ 'ਚ ਪ੍ਰਵਾਸੀ ਮਜ਼ਦੂਰਾਂ ਦੀ ਵਧੇਰੇ ਵਸੋਂ ਨੂੰ ਦੇਖਦੇ ਹੋਏ ਵਿਸ਼ੇਸ਼ ਫੀਵਰ ਸਰਵੇ ਕਰਵਾਇਆ ਗਿਆ ਅਤੇ ਸੀ.ਐਚ.ਸੀ ਅਮਲੋਹ, ਖੇੜਾ, ਨੰਦਪੁਰ ਕਲੌੜ, ਚਨਾਰਥਲ ਕਲਾਂ ਅਤੇ ਫ਼ਤਿਹਗੜ੍ਹ ਸਾਹਿਬ ਦੇ ਹਸਪਤਾਲਾਂ ਵਿੱਚ 30 ਸਾਲ ਤੋਂ ਵੱਧ ਉਮਰ ਦੇ 337 ਵਿਅਕਤੀਆਂ ਦੀ ਡਾਕਟਰੀ ਟੀਮਾਂ ਵੱਲੋਂ ਸਿਹਤ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸੁਰਕਸ਼ਾ ਕਾਰਿਆਕ੍ਰਮ ਅਧੀਨ ਪੰਜ ਸਰਕਾਰੀ ਸਕੂਲਾਂ ਅਤੇ ਛੇ ਆਂਗਣਵਾੜੀ ਕੇਂਦਰਾਂ ਦੇ 205 ਬੱਚਿਆਂ ਦਾ ਹੈਲਥ ਚੈੱਕਅਪ ਕੀਤਾ ਗਿਆ ਜਿਨ੍ਹਾਂ ਵਿੱਚੋਂ 23 ਬੱਚਿਆਂ ਨੂੰ ਮੁਫ਼ਤ ਇਲਾਜ ਲਈ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਲਈ ਰੈਫ਼ਰ ਕੀਤਾ ਗਿਆ।

ਡਾ. ਸੋਢੀ ਨੇ ਦੱਸਿਆ ਕਿ ਸਕੂਲਾਂ ਤੇ ਆਂਗਣਵਾੜੀ ਦੇ ਬੱਚਿਆਂ ਨੂੰ ਸਾਫ਼ ਸਫ਼ਾਈ ਰੱਖਣ ਲਈ ਜਾਗਰੂਕ ਕਰਦੇ ਹੋਏ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਦ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਹੀ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਦਿਨ ਵੇਲੇ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਉਣ ਅਤੇ ਰਾਤ ਸਮੇਂ ਸੋਣ ਤੋਂ ਪਹਿਲਾਂ ਮੱਛਰਦਾਨੀ ਲਗਾਉਣ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਬਿਜਲਈ ਯੰਤਰਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ।