ਦਬੰਗ ਆਈਪੀਐਸ ਧਰੁਵ ਦਹਿਆ ਹਵਾਲੇ ਪੁਲਿਸ ਜ਼ਿਲ੍ਹਾ ਖੰਨਾ ਦੀ ਕਮਾਨ, ਨਵੇਂ ਐਸਐਸਪੀ ਨਿਯੁਕਤ

Last Updated: Jul 12 2018 18:55

ਦਬੰਗ ਪੁਲਿਸ ਅਫ਼ਸਰਾਂ 'ਚ ਗਿਣੇ ਜਾਣ ਵਾਲੇ ਆਈਪੀਐਸ ਧਰੁਵ ਦਹਿਆ ਨੂੰ ਪੰਜਾਬ ਸਰਕਾਰ ਵੱਲੋਂ ਪੁਲਿਸ ਜ਼ਿਲ੍ਹਾ ਖੰਨਾ ਦੀ ਕਮਾਨ ਸੌਂਪੀ ਗਈ ਹੈ। ਪੰਜਾਬ ਪੁਲਿਸ ਹੈਡਕੁਆਟਰ ਵੱਲੋਂ ਐਸਐਸਪੀ ਨਵਜੋਤ ਸਿੰਘ ਮਾਹਲ ਦੀ ਜਲੰਧਰ ਦਿਹਾਤੀ ਦੇ ਨਵੇਂ ਐਸਐਸਪੀ ਵਜੋਂ ਬਦਲੀ ਕੀਤੇ ਜਾਣ ਤੇ ਤੇਜ਼-ਤਰਾਰ ਧਰੁਵ ਦਹਿਆ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ (ਐਸ.ਪੀ.ਯੂ) ਦੇ ਐਸ.ਪੀ ਅਹੁਦੇ ਤੋਂ ਬਦਲੀ ਹੋ ਕੇ ਆਏ ਧਰੁਵ ਦਹਿਆ ਨੇ ਵੀਰਵਾਰ ਦੁਪਹਿਰ ਖੰਨਾ ਦੇ ਐਸਐਸਪੀ ਦਾ ਅਹੁਦਾ ਸੰਭਾਲ ਲਿਆ ਹੈ।

ਵੀਰਵਾਰ ਨੂੰ ਜ਼ਿਲ੍ਹਾ ਪੁਲਿਸ ਹੈਡਕੁਆਟਰ ਪਹੁੰਚੇ ਧਰੁਵ ਦਹਿਆ ਦਾ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਨਵੇਂ ਐਸਐਸਪੀ ਵੱਲੋਂ ਪੁਲਿਸ ਜ਼ਿਲ੍ਹਾ ਦੇ ਪੁਲਿਸ ਅਫ਼ਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸਦੇ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਦੀ ਇੱਕ ਟੁਕੜੀ ਵੱਲੋਂ ਨਵੇਂ ਐਸਐਸਪੀ ਨੂੰ ਸਲਾਮੀ ਦਿੱਤੀ ਗਈ। ਇਸਦੇ ਉਪਰੰਤ ਐਸਐਸਪੀ ਧਰੁਵ ਦਹਿਆ ਨੇ ਬਤੌਰ ਐਸਐਸਪੀ ਚਾਰਜ ਸੰਭਾਲ ਲਿਆ।

ਜ਼ਿਕਰਯੋਗ ਹੈ ਕਿ ਸਾਲ 2012 ਬੈਚ ਦੇ ਆਈਪੀਐਸ ਅਫ਼ਸਰ ਧਰੁਵ ਦਹਿਆ ਦਸੰਬਰ 2014 'ਚ ਲੁਧਿਆਣਾ ਪੁਲਿਸ ਕਮਿਸ਼ਨਰੇਟ 'ਚ ਬਤੌਰ ਏਡੀਸੀਪੀ ਹੈਡਕੁਆਟਰ ਨਿਯੁਕਤ ਹੋਏ ਸਨ। ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਇੱਕ ਜੱਜ ਦੀ ਗੱਡੀ ਦਾ ਚਲਾਨ ਕੱਟੇ ਜਾਣ ਤੋਂ ਬਾਅਦ ਸਖ਼ਤ ਅਫ਼ਸਰ ਦੇ ਰੂਪ 'ਚ ਗਿਣੇ ਜਾਂਦੇ ਧਰੁਵ ਦਹਿਆ ਕਾਫ਼ੀ ਸੁਰਖ਼ੀਆਂ 'ਚ ਰਹੇ ਸਨ।

ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਦਾ ਚਾਰਜ ਸੰਭਾਲਣ ਦੇ ਬਾਅਦ ਉਨ੍ਹਾਂ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਦੇ ਹਾਲਾਤ ਸਬੰਧੀ ਵਿਚਾਰ ਵਟਾਂਦਰਾ ਕੀਤਾ। ਐਸਐਸਪੀ ਧਰੁਵ ਦਹਿਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਮੇਨ ਟਾਰਗੇਟ ਪੁਲਿਸ ਜ਼ਿਲ੍ਹਾ ਖੰਨਾ 'ਚੋਂ ਨਸ਼ਿਆਂ ਅਤੇ ਨਸ਼ਾ ਸਮਗਲਰਾਂ ਦਾ ਸਫ਼ਾਇਆ ਕਰਨਾ ਰਹੇਗਾ। ਕਿਸੇ ਵੀ ਵਿਅਕਤੀ ਨੂੰ ਨਸ਼ੇ ਦਾ ਕਾਰੋਬਾਰ ਕਰਨ ਨਹੀਂ ਦਿੱਤਾ ਜਾਵੇਗਾ ਅਤੇ ਨਸ਼ਾ ਵਿਕਣ ਨਹੀਂ ਦਿੱਤਾ ਜਾਵੇਗਾ।

ਇਸਤੋਂ ਇਲਾਵਾ ਸ਼ਹਿਰ 'ਚ ਟਰੈਫ਼ਿਕ ਸਿਸਟਮ ਵਿੱਚ ਸੁਧਾਰ ਕਰਕੇ ਹੋਣ ਵਾਲੇ ਸੜਕ ਹਾਦਸਿਆਂ 'ਚ ਕਮੀ ਲਿਆਉਣ ਦੀ ਦਿਸ਼ਾ ਵੱਲ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸ਼ਹਿਰਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਇਨਸਾਫ਼ ਦਿੱਤਾ ਜਾਵੇਗਾ ਅਤੇ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਕਿਸੇ ਵਿਅਕਤੀ ਨਾਲ ਧੱਕੇਸ਼ਾਹੀ ਨਹੀਂ ਕਰਨ ਦਿੱਤਾ ਜਾਵੇਗੀ।