ਮੰਗਾਂ ਲਾਗੂ ਨਾ ਕਰਨ ਦੇ ਵਿਰੋਧ 'ਚ 108-ਐਂਬੂਲੈਂਸ ਮੁਲਾਜ਼ਮਾਂ ਨੇ ਕੀਤੀ ਇੱਕ ਰੋਜ਼ਾ ਹੜਤਾਲ

Last Updated: Jul 12 2018 16:35

ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦਾ ਪ੍ਰਦੇਸ਼ ਸਰਕਾਰ ਤੇ ਡਾਇਲ-108 ਐਂਬੂਲੈਂਸ ਸੇਵਾ ਚਲਾਉਣ ਵਾਲੀ ਕੰਪਨੀ ਮੈਨੇਜਮੈਂਟ ਵੱਲੋਂ ਕੋਈ ਨਿਪਟਾਰਾ ਨਾ ਕੀਤੇ ਜਾਣ ਅਤੇ ਸਮੇਂ ਸਿਰ ਤਨਖ਼ਾਹ ਨਾ ਮਿਲਣ ਦੇ ਬਾਅਦ ਵਿਰੋਧ 'ਚ ਐਂਬੂਲੈਂਸ ਮੁਲਾਜ਼ਮਾਂ ਵੱਲੋਂ ਕੰਮਕਾਜ ਬੰਦ ਰੱਖਕੇ ਹੜਤਾਲ ਕੀਤੀ ਗਈ। ਇਸ ਮੌਕੇ ਐਂਬੂਲੈਂਸ ਡਰਾਈਵਰਾਂ ਅਤੇ ਹੋਰ ਮੁਲਾਜ਼ਮਾਂ ਨੇ ਐਂਬੂਲੈਂਸ ਚਲਾਉਣ ਵਾਲੀ ਕੰਪਨੀ ਅਧਿਕਾਰੀਆਂ ਦੇ ਖ਼ਿਲਾਫ਼ ਆਪਣਾ ਰੋਸ ਜਾਹਰ ਕਰਦੇ ਹੋਏ ਨਾਅਰੇਬਾਜ਼ੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਐਂਬੂਲੈਂਸ ਮੁਲਾਜ਼ਮਾਂ ਨੇ ਮੰਗਾਂ ਲਾਗੂ ਨਾ ਕੀਤੇ ਜਾਣ ਤੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਐਂਬੂਲੈਂਸ ਸਰਵਿਸ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਹਸਪਤਾਲ ਲਿਆਉਣ ਅਤੇ ਦੂਸਰੇ ਹਸਪਤਾਲ 'ਚ ਲਿਜਾਉਣ ਸਬੰਧੀ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਐਂਬੂਲੈਂਸ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੜਕ ਹਾਦਸਿਆਂ 'ਚ ਜਖਮੀ ਹੋਏ ਲੋਕਾਂ ਅਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਕੰਮ ਕਰਦੇ ਐਂਬੂਲੈਂਸ ਮੁਲਾਜ਼ਮਾਂ ਦਾ ਐਂਬੂਲੈਂਸ ਚਲਾਉਣ ਵਾਲੀ ਕੇਅਰ ਕੰਪਨੀ ਵੱਲੋਂ ਬਿਨਾਂ ਵਜ੍ਹਾ ਤਬਾਅਦਲਾ ਕੀਤਾ ਜਾਂਦਾ ਹੈ ਅਤੇ ਕਈ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਜਿਸਦੇ ਵਿਰੋਧ 'ਚ ਐਂਬੂਲੈਂਸ ਮੁਲਾਜ਼ਮਾਂ ਵੱਲੋਂ ਇੱਕ ਰੋਜ਼ਾ 12 ਘੰਟੇ ਦੀ ਹੜਤਾਲ ਕੀਤੀ ਗਈ ਹੈ। ਜੇਕਰ ਕੰਪਨੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੇ ਤਬਾਅਦਲੇ ਅਤੇ ਬਰਖ਼ਾਸਤ ਕਰਨਾ ਬੰਦ ਨਾ ਕੀਤਾ ਗਿਆ ਤਾਂ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਤੱਕ ਹੜਤਾਲ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਵੱਲੋਂ ਮੁਲਾਜ਼ਮਾਂ ਤੋਂ ਅੱਠ ਘੰਟੇ ਦੀ ਬਜਾਏ 12 ਘੰਟੇ ਕੰਮ ਲਿਆ ਜਾ ਰਿਹਾ ਹੈ। ਜੇਕਰ ਕੋਈ ਮੁਲਾਜ਼ਮ ਇਸਦਾ ਵਿਰੋਧ ਕਰਦਾ ਹੈ ਤਾਂ ਉਸਨੂੰ ਕੰਮ ਤੋਂ ਹਟਾਉਣ ਅਤੇ ਬਦਲੀ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਕਈ ਮੁਲਾਜ਼ਮਾਂ ਦੀ ਬਦਲੀ ਵੀ ਕਰ ਦਿੱਤੀ ਗਈ ਹੈ। ਨੌਕਰੀ ਤੇ ਰੱਖਣ ਵੇਲੇ ਕੰਪਨੀ ਵੱਲੋਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਹਰੇਕ ਸਾਲ 500 ਤੋਂ ਲੈ ਕੇ 1000 ਰੁਪਏ ਤਨਖ਼ਾਹ ਦਾ ਵਾਧਾ ਕੀਤਾ ਜਾਵੇਗਾ, ਪਰ ਪਿਛਲੇ ਚਾਰ ਸਾਲਾਂ ਤੋਂ ਅਜਿਹਾ ਨਹੀਂ ਕੀਤਾ ਗਿਆ ਹੈ। ਜਦਕਿ ਐਂਬੂਲੈਂਸ ਮੁਲਾਜ਼ਮਾਂ ਵੱਲੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਜਾਂਦਾ ਹੈ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸਤੋਂ ਇਲਾਵਾ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ ਡਿਊਟੀ ਨੂੰ 12 ਘੰਟੇ ਤੋਂ ਘਟਾਕੇ 8 ਘੰਟੇ ਕੀਤਾ ਜਾਵੇ, ਪਿਛਲੇ ਚਾਰ ਸਾਲਾਂ ਦੀ ਇੰਕਰੀਮੈਂਟ ਵਿਆਜ ਸਮੇਤ ਦਿੱਤੀ ਜਾਵੇ, ਇੱਕ ਸਮਾਨ ਕੰਮ ਅਤੇ ਤਨਖ਼ਾਹ ਦਾ ਕਾਨੂੰਨ ਲਾਗੂ ਕੀਤਾ ਜਾਵੇ, ਹਰੇਕ ਮਹੀਨੇ ਸਮੇਂ ਤੇ ਤਨਖ਼ਾਹ ਰਿਲੀਜ਼ ਕੀਤੀ ਜਾਵੇ, ਮੁਲਾਜ਼ਮਾਂ ਦੀਆਂ ਬਦਲੀਆਂ ਤੇ ਬਰਖ਼ਾਸਤਗੀ ਬੰਦ ਕੀਤੀ ਜਾਵੇ ਅਤੇ ਸਾਲ 2014 ਤੋਂ ਕੱਢੇ ਗਏ ਮੁਲਾਜ਼ਮਾਂ ਨੂੰ ਵਾਪਸ ਡਿਊਟੀ ਤੇ ਬਹਾਲ ਕੀਤਾ ਜਾਵੇ।