ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਮਹਿਲਾ ਦੀ ਮੌਤ, ਡਰਾਈਵਰ ਫ਼ਰਾਰ

Last Updated: Jul 12 2018 15:47

ਨਜ਼ਦੀਕੀ ਪਿੰਡ ਬੱਦੋਵਾਲ ਕੋਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਸੜਕ ਤੇ ਪੈਦਲ ਜਾ ਰਹੀ ਮਹਿਲਾ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਦੀ ਪਹਿਚਾਣ ਬਲਵਿੰਦਰ ਕੌਰ ਵਾਸੀ ਪਿੰਡ ਬੱਦੋਵਾਲ ਦੇ ਤੌਰ ਤੇ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਬਲਵਿੰਦਰ ਕੌਰ ਕਿਸੇ ਕੰਮ ਸਬੰਧੀ ਲੁਧਿਆਣਾ ਸ਼ਹਿਰ ਗਈ ਹੋਈ ਸੀ। ਕੰਮ ਨਿਪਟਾਉਣ ਦੇ ਬਾਅਦ ਉਹ ਆਟੋ 'ਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਪਹੁੰਚੀ। ਆਟੋ 'ਚੋਂ ਉੱਤਰਨ ਦੇ ਬਾਅਦ ਉਹ ਪੈਦਲ ਹੀ ਸੜਕ ਤੇ ਜਾ ਰਹੀ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਪੈਦਲ ਜਾ ਰਹੀ ਮਹਿਲਾ ਨੂੰ ਚਪੇਟ 'ਚ ਲੈ ਲਿਆ। ਕਾਰ ਦੀ ਟੱਕਰ ਲੱਗਣ ਦੇ ਕਾਰਨ ਉਕਤ ਮਹਿਲਾ ਸੜਕ ਤੇ ਡਿੱਗਕੇ ਗੰਭੀਰ ਰੂਪ 'ਚ ਜਖਮੀ ਹੋ ਗਈ।

ਹਾਦਸੇ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਾਲੀ ਥਾਂ ਇਕੱਠੇ ਹੋਏ ਲੋਕਾਂ ਨੇ ਜਖਮੀ ਮਹਿਲਾ ਨੂੰ ਸੰਭਾਲਦੇ ਹੋਏ ਉਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਬਾਅਦ 'ਚ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਦਾਖਾ ਤੋਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮੌਕਾ ਮੁਆਇਨਾ ਕਰਨ ਦੇ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮ੍ਰਿਤਕਾ ਦੇ ਸਹੁਰੇ ਦਰਸ਼ਨ ਸਿੰਘ ਵਾਸੀ ਬੱਦੋਵਾਲ ਦੇ ਬਿਆਨਾਂ ਤੇ ਅਣਪਛਾਤੇ ਕਾਰ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਅਦ 'ਚ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ।