ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਬਾਲਗਾ ਨੂੰ ਅਗਵਾ ਕਰਕੇ ਨੌਜਵਾਨ ਹੋਇਆ ਫ਼ਰਾਰ, ਪਰਚਾ ਦਰਜ

Last Updated: Jul 12 2018 13:29

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨਜ਼ਦੀਕੀ ਪਿੰਡ ਟਿੱਬਾ ਇਲਾਕੇ ਚੋਂ ਨਬਾਲਗ ਲੜਕੀ ਨੂੰ ਅਗਵਾ ਕਰਕੇ ਫ਼ਰਾਰ ਹੋ ਗਿਆ ਹੈ। ਪਿਛਲੇ ਪੰਜ ਦਿਨਾਂ ਤੋਂ ਆਪਣੇ ਘਰੋਂ ਗ਼ਾਇਬ ਹੋਈ ਲੜਕੀ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਮਾਮਲੇ ਸਬੰਧੀ ਲੜਕੀ ਦੇ ਪਿਤਾ ਸੁਬੋਧ ਪਾਸਵਾਨ (ਕਾਲਪਨਿਕ ਨਾਮ) ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰੋਪ ਕਿਸ਼ਨ ਪਾਲ ਵਾਸੀ ਟਿੱਬਾ (ਜ਼ਿਲ੍ਹਾ ਲੁਧਿਆਣਾ) ਦੇ ਖ਼ਿਲਾਫ਼ ਨਬਾਲਗ ਲੜਕੀ ਨੂੰ ਵਿਆਹ ਕਰਵਾਉਣ ਸਬੰਧੀ ਵਰਗ਼ਲਾ ਕੇ ਅਗਵਾ ਕਰਕੇ ਲੈ ਜਾਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਫ਼ੈਕਟਰੀ 'ਚ ਕੰਮ ਕਰਨ ਵਾਲੇ ਸ਼ਿਕਾਇਤਕਰਤਾ ਸੁਬੋਧ ਪਾਸਵਾਨ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੁਲਿਸ ਨੂੰ ਦੱਸਿਆ ਹੈ ਕਿ ਬੀਤੇ 8 ਜੁਲਾਈ ਨੂੰ ਉਸ ਦੀ ਕਰੀਬ 17 ਸਾਲਾਂ ਨਬਾਲਗ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਕੁਝ ਦੱਸੇ ਘਰੋਂ ਕਿਧਰੇ ਚਲੀ ਗਈ ਸੀ। ਲੜਕੀ ਨੂੰ ਘਰ ਤੋਂ ਗ਼ਾਇਬ ਹੋਏ ਦੇਖ ਉਸ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਆਸਪਾਸ ਰਹਿੰਦੇ ਲੋਕਾਂ ਤੋਂ ਪੁੱਛਗਿੱਛ ਕਰਦੇ ਹੋਏ ਇਲਾਕੇ 'ਚ ਉਸ ਦੀ ਕਾਫ਼ੀ ਤਲਾਸ਼ ਕੀਤੀ। ਪ੍ਰੰਤੂ ਉਨ੍ਹਾਂ ਨੂੰ ਲੜਕੀ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਦੇ ਬਾਦ ਉਸ ਨੂੰ ਇਲਾਕੇ ਦੇ ਕਿਸੇ ਵਿਅਕਤੀ ਤੋਂ ਪਤਾ ਲੱਗਿਆ ਕਿ ਉਸ ਦੀ ਨਬਾਲਗ ਲੜਕੀ ਨੂੰ ਇਲਾਕੇ 'ਚ ਰਹਿਣ ਵਾਲਾ ਕਿਸ਼ਨ ਪਾਲ ਨਾਂ ਦਾ ਨੌਜਵਾਨ ਲੁੱਕ ਛਿਪ ਕੇ ਮਿਲਦਾ ਰਹਿੰਦਾ ਸੀ, ਜੋ ਕਿ ਉਸ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਕੇ ਫ਼ਰਾਰ ਹੋ ਗਿਆ ਹੈ।

ਮਾਮਲੇ ਦੀ ਤਫ਼ਤੀਸ਼ ਕਰ ਰਹੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਗ਼ਾਇਬ ਹੋਈ ਲੜਕੀ ਦੇ ਪਿਤਾ ਦੇ ਬਿਆਨ ਦਰਜ ਕਰਕੇ ਆਰੋਪ ਕਿਸ਼ਨ ਪਾਲ ਦੇ ਖ਼ਿਲਾਫ਼ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗ਼ਾਇਬ ਹੋਏ ਲੜਕਾ ਅਤੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੰਤੂ ਹਾਲੇ ਉਨ੍ਹਾਂ ਸਬੰਧੀ ਕੋਈ ਸੁਰਾਗ ਹਾਸਲ ਨਹੀਂ ਹੋ ਸਕਿਆ ਹੈ। ਜਲਦ ਹੀ ਆਰੋਪ ਨੌਜਵਾਨ ਨੂੰ ਗਿਰਫਤਾਰ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ।