ਰੇਲਵੇ ਸਟੇਸ਼ਨ ਕੋਲੋਂ ਜੀਆਰਪੀ ਨੂੰ ਮਿਲੀ ਅਣਪਛਾਤੀ ਬਜ਼ੁਰਗ ਮਹਿਲਾ ਦੀ ਲਾਸ਼

Last Updated: Jul 12 2018 12:22

ਰੇਲਵੇ ਸਟੇਸ਼ਨ ਨਜ਼ਦੀਕ ਆਟੋ ਸਟੈਂਡ ਕੋਲੋਂ ਰੇਲਵੇ ਪੁਲਿਸ ਨੂੰ ਭੇਦਭਰੇ ਹਾਲਾਤ 'ਚ ਇੱਕ ਬਜ਼ੁਰਗ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਨਹੀਂ ਹੋ ਸਕੀ ਹੈ। ਆਟੋ ਸਟੈਂਡ ਕੋਲ ਲਾਸ਼ ਪਏ ਹੋਣ ਸਬੰਧੀ ਸੂਚਨਾ ਮਿਲਣ ਦੇ ਬਾਅਦ ਜੀਆਰਪੀ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਸਬੰਧੀ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤਾ ਗਿਆ ਹੈ। ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਰੇਲਵੇ ਪੁਲਿਸ ਥਾਣਾ ਦੇ ਐਸਐਚਓ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਅਧਿਕਾਰੀਆਂ ਤੋਂ ਜੀਆਰਪੀ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਲੁਧਿਆਣਾ ਦੇ ਬਾਹਰ ਆਟੋ ਸਟੈਂਡ ਕੋਲ ਇੱਕ ਮਹਿਲਾ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਦੇ ਬਾਅਦ ਏਐਸਆਈ ਰਾਕੇਸ਼ ਕੁਮਾਰ ਨੇ ਜੀਆਰਪੀ ਮੁਲਾਜ਼ਮਾਂ ਦੇ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕੀਤੀ।

ਕਰੀਬ 60 ਤੋਂ 65 ਸਾਲ ਦਰਮਿਆਨ ਉਮਰ ਦੀ ਜਾਪਦੀ ਮ੍ਰਿਤਕ ਮਹਿਲਾ ਦੇ ਪਹਿਨੇ ਹੋਏ ਕੱਪੜਿਆਂ 'ਚੋਂ ਉਸਦੀ ਸ਼ਨਾਖਤ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਕਾਗਜਾਤ ਬਰਾਮਦ ਨਾ ਹੋਣ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਘਟਨਾ ਵਾਲੀ ਥਾਂ ਦੇ ਆਸਪਾਸ ਇਲਾਕੇ ਦੇ ਲੋਕਾਂ ਨੂੰ ਲਾਸ਼ ਦਿਖਾ ਕੇ ਪਹਿਚਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕਾ ਦੀ ਮੌਤ ਹੋਣ ਦੇ ਕਾਰਨਾਂ ਸਬੰਧੀ ਜਾਣਕਾਰੀ ਪਤਾ ਨਹੀਂ ਲੱਗ ਸਕੀ ਹੈ। ਮੌਤ ਹੋਣ ਦੇ ਅਸਲ ਕਾਰਨਾਂ ਸਬੰਧੀ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਪਤਾ ਲੱਗ ਸਕੇਗਾ। ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਕਤ ਮਹਿਲਾ ਦੀ ਮੌਤ ਜ਼ਿਆਦਾ ਗਰਮੀ ਦੇ ਕਾਰਨ ਜਾਂ ਫਿਰ ਕਿਸੇ ਬਿਮਾਰੀ ਕਾਰਨ ਨਾ ਹੋਈ ਹੋਵੇ। ਮ੍ਰਿਤਕਾ ਦੀ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਦੇ ਡੈੱਡਹਾਊਸ 'ਚ ਰਖਵਾਇਆ ਗਿਆ ਹੈ। ਮ੍ਰਿਤਕਾ ਦੀ ਪਹਿਚਾਣ ਨਾ ਹੋਣ ਦੇ ਬਾਅਦ ਲਾਸ਼ ਨੂੰ ਲਵਾਰਸ ਕਰਾਰ ਦੇ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਵੇਗਾ।