ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਅੰਡਰ-19 ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਸਾਂਝੇ ਉੱਦਮ ਨਾਲ ਘੰਟਾ ਘਰ ਅਤੇ ਰਣਧੀਰ ਸਕੂਲ ਦੀਆਂ ਗਰਾਊਂਡਾਂ ਵਿੱਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਲੜਕਿਆਂ ਦੇ ਮੁਕਾਬਲੇ ਵਿੱਚ ਰਣਧੀਰ ਸਕੂਲ ਦੀ ਟੀਮ ਨੇ ਬੇਬੀ ਮਾਡਲ ਸਕੂਲ ਦੀ ਟੀਮ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿੱਚ ਘੰਟਾ ਘਰ ਸਕੂਲ ਦੀ ਟੀਮ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ ਨੂੰ ਹਰਾ ਜੇਤੂ ਰਹੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸਿੱਧਵਾਂ ਦੋਨਾ ਦੇ ਉੱਘੇ ਕਬੱਡੀ ਖਿਡਾਰੀ ਤੇ ਐਨ.ਆਰ.ਆਈ ਸੁਖਵਿੰਦਰ ਸਿੰਘ ਬਿੱਟੂ ਯੂ.ਕੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਟੀਟਾ ਨੇ ਵਧੀਆ ਪ੍ਰਬੰਧਾਂ ਲਈ ਸਮੁੱਚੇ ਖੇਡਾਂ ਤੇ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਖੇਡ ਵਿਭਾਗ ਦੇ ਕੋਚਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੇਡ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਤੇ ਬਾਸਕਟਬਾਲ ਦੇ ਸੀਨੀਅਰ ਕੋਚ ਸਤੀਸ਼ ਸ਼ਰਮਾ, ਅੰਤਰਰਾਸ਼ਟਰੀ ਅੰਪਾਇਰ ਬੂਟਾ, ਰਾਮ, ਜ਼ਿਲ੍ਹਾ ਖੇਡਾਂ ਦੇ ਆਰਗੇਨਾਈਜ਼ਰ ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਮੋਠਾਂਵਾਲ, ਬਲਜਿੰਦਰ ਕੌਰ, ਜਸਵਿੰਦਰ ਸਿੰਘ, ਕਰਨ ਕੁਮਾਰ, ਮੁਕੇਸ਼ ਕੁਮਾਰ, ਦਵਿੰਦਰ ਸਿੰਘ, ਰਛਪਾਲ ਕੌਰ, ਮਨਜਿੰਦਰ ਸਿੰਘ, ਸੁਖਵਿੰਦਰ ਢਿੱਲੋਂ, ਕੁਲਜੀਤ ਬੱਲ, ਪਰਮਜੀਤ ਸਿੰਘ, ਰਣਜੀਤ ਸਿੰਘ ਤੇ ਰਣਧੀਰ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।