ਵਧੀਕ ਡਿਪਟੀ ਕਮਿਸ਼ਨਰ ਵੱਲੋਂ ਛੱਪੜਾਂ ਦੀ ਸਫ਼ਾਈ ਦੇ ਕੰਮ ਦਾ ਨਿਰੀਖਣ

Last Updated: Jun 09 2019 11:18
Reading time: 1 min, 5 secs

ਪੰਜਾਬ ਸਰਕਾਰ ਦੇ "ਮਿਸ਼ਨ ਤੰਦਰੁਸਤ ਪੰਜਾਬ" ਤਹਿਤ ਪਿੰਡਾਂ ਦਾ ਚੌਗਿਰਦਾ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਦੀਆਂ ਹਦਾਇਤਾਂ 'ਤੇ ਜ਼ਿਲੇ ਵਿਚਲੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਵਿੱਚ ਛੱਪੜਾਂ ਵਿੱਚੋਂ ਪਾਣੀ ਕੱਢਣ ਦੇ ਕੰਮਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਵਿੱਚ ਚੱਕੋਕੀ, ਸੰਗਰਾਏ, ਦਾਊਦਪੁਰ, ਬਾਮੂਵਾਲ, ਬਹਿਲੋਲਪੁਰ, ਮਾਂਗੇਵਾਲ ਆਦਿ ਸ਼ਾਮਿਲ ਸਨ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਛੱਪੜਾਂ ਵਿੱਚੋਂ ਪਾਣੀ ਕੱਢਣ ਉਪਰੰਤ ਇਨ੍ਹਾਂ ਵਿੱਚ ਜੰਮੀ ਹੋਈ ਗਾਰ ਅਤੇ ਬੂਟੀ ਨੂੰ ਬਾਹਰ ਕੱਢਿਆ ਜਾਵੇ ਤਾਂ ਜੋ ਛੱਪੜਾਂ ਦੀ ਪਾਣੀ ਸੋਖਣ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨਾਲ ਹੀ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਛੱਪੜਾਂ ਦੇ ਕੰਢਿਆਂ 'ਤੇ ਛਾਂਦਾਰ ਤੇ ਫਲ਼ਦਾਰ ਬੂਟੇ ਲਗਾਉਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਨਾਲ ਇਨ੍ਹਾਂ 'ਤੇ ਹੁੰਦੇ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਸਫ਼ਾਈ ਦੇ ਸਾਰੇ ਕੰਮ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੇ ਜਾਣ, ਤਾਂ ਜੋ ਬਰਸਾਤਾਂ ਤੋਂ ਪਹਿਲਾਂ ਪੂਰੀ ਤਰਾਂ ਸਫ਼ਾਈ ਹੋ ਸਕੇ। ਇਸ ਮੌਕੇ ਬੀ.ਡੀ.ਪੀ.ਓ ਢਿਲਵਾਂ ਤੇ ਨਡਾਲਾ ਸਮਸ਼ੇਰ ਸਿੰਘ ਬੱਲ, ਸਾਹਿਲ ਓਬਰਾਏ, ਏ.ਪੀ.ਓ ਵਿਸ਼ਾਲ ਅਤੇ ਮੈਡਮ ਸੋਨੀਆ, ਗ੍ਰਾਮ ਰੋਜ਼ਗਾਰ ਸਹਾਇਕ ਗੁਰਮੀਤ ਸਿੰਘ ਤੇ ਮੰਗਲ ਸਿੰਘ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਰਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ।