ਅੱਤਵਾਦ ਨੂੰ ਹਵਾ ਦੇਣ ਵਾਲੀ ਕਿਸੇ ਵੀ ਹਰਕਤ ਨੂੰ ਸਹਿਣ ਨਹੀਂ ਕੀਤਾ ਜਾਵੇਗਾ : ਕਟਾਰੀਆ

Last Updated: Jun 07 2019 18:59
Reading time: 1 min, 1 sec

ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਕੁਝ ਕਥਿਤ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ 'ਚ ਤਲਵਾਰਾਂ ਲਹਿਰਾਉਂਦੇ ਹੋਏ ਅੱਲਗਾਵਾਦੀ ਨਾਅਰੇ ਲਗਾਉਣ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਚੇਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਅਜਿਹੇ ਨਾਅਰੇ ਲਗਾਉਣ ਵਾਲੇ ਬਾਜ਼ ਆਉਣ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਮਾਹੌਲ  ਦੇ ਕਾਰਨ ਹੀ ਪੰਜਾਬ 'ਚ ਅੱਤਵਾਦ ਪੈਦਾ ਹੋਇਆ, ਸੈਂਕੜੇ ਸੁਰੱਖਿਆ ਜਵਾਨਾਂ ਸਮੇਤ 25 ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੋਈਆਂ, ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖ਼ਤਰਾ ਪੈਦਾ ਹੋਇਆ, ਕਈ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਭੰਗ ਹੋਈ, ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋਏ, ਹਿੰਦੂ-ਸਿੱਖਾਂ ਦੀ ਆਪਸੀ ਸਾਂਝ ਤੇ ਭਾਈਚਾਰੇ ਦੇ ਲਈ ਖ਼ਤਰਾ ਪੈਦਾ ਹੋਇਆ, ਦੇਸ਼ ਖ਼ਾਸਕਰ ਪੰਜਾਬ ਦਾ ਵੱਡੇ ਪੈਮਾਨੇ 'ਤੇ ਆਰਥਿਕ ਨੁਕਸਾਨ ਹੋਇਆ ਤੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਹੋਈ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਹਵਾ ਦੇਣ ਵਾਲੀ ਕਿਸੇ ਵੀ ਹਰਕਤ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਮੰਗ ਤੋਂ ਪਹਿਲਾਂ ਅਜਿਹਾ ਕਰਨ ਵਾਲਿਆਂ ਦੇ ਹੋਏ ਬੁਰੇ ਹਸ਼ਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜਗਦੀਸ਼ ਕਟਾਰੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ.ਜੀ.ਪੀ. ਦਿਨਕਰ ਗੁਪਤਾ ਤੋਂ ਮੰਗ ਕੀਤੀ ਹੈ ਕਿ ਅਜਿਹੇ ਨਾਅਰੇ ਲਗਾਉਣ ਤੇ ਦਹਿਸ਼ਤ ਫੈਲਾਉਣ ਵਾਲਿਆਂ ਉੱਪਰ ਤੁਰੰਤ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਸ਼ਿਵ ਸੈਨਾ ਦੇ ਸਥਾਨਕ ਸੀਨੀਅਰ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।