ਭਾਰਤੀ ਸੰਵਿਧਾਨ ਦੀ ਅਨੁਛੇਦ 72 ਤਹਿਤ ਰਾਸ਼ਟਰਪਤੀ ਸਿੱਖ ਕੈਦੀਆਂ ਨੂੰ ਰਿਹਾਅ ਕਰੇ: ਗਿਆਨੀ ਹਰਨਾਮ ਸਿੰਘ ਖ਼ਾਲਸਾ

Last Updated: Sep 20 2019 15:14
Reading time: 2 mins, 6 secs

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖ਼ੁਸ਼ੀ ਦੇ ਮੌਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ 22 ਸਿੱਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਲਿਖਦਿਆਂ ਕਿਹਾ ਕਿ ਸਿੱਖ ਕੌਮ ਨੇ ਭਾਰਤ ਦੀ ਅਜ਼ਾਦੀ ਲਈ ਅਹਿਮ ਕੁਰਬਾਨੀਆਂ ਕੀਤੀਆਂ ਹਨ, ਸਿੱਖ ਕੌਮ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਸਰਬਤ ਦੇ ਭਲੇ ਵਾਲੇ ਰਾਹ 'ਤੇ ਚੱਲ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ। ਸਮੁੱਚੀ ਸਿੱਖ ਕੌਮ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਉਹ ਮਨੁੱਖ ਜੋ ਮਨੁੱਖਤਾ ਨੂੰ ਪਿਆਰ ਕਰਦੇ ਹਨ, ਵੱਲੋਂ ਗੁਰੂ ਨਾਨਕ ਸਾਹਿਬ ਦਾ 550ਵੀਂ ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਤਤਪਰ ਹੋ ਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ 'ਚ ਜੁਟੇ ਹੋਏ ਹਨ।

ਅਜਿਹੀ ਖ਼ੁਸ਼ੀ ਦੇ ਮੌਕੇ ਵੱਖ-ਵੱਖ ਮਾਮਲਿਆਂ 'ਚ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਅਦ ਵੀ ਦੇਸ਼ ਦੀ ਵੱਖ-ਵੱਖ ਜੇਲ੍ਹਾਂ 'ਚ ਕੈਦ 22 ਸਿੱਖ ਕੈਦੀਆਂ ਜਿਨ੍ਹਾਂ 'ਚ 12 ਤਾਂ 20-20 ਸਾਲ ਤੋਂ ਵੱਧ ਕੈਦ ਕੱਟ ਚੁੱਕੇ ਹਨ ਅਤੇ ਜਿਨ੍ਹਾਂ ਦਾ ਜੇਲ੍ਹਾਂ ਵਿੱਚ ਚੰਗਾ ਆਚਰਨ ਹੈ, ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਰਾਸ਼ਟਰਪਤੀ ਨੂੰ ਮਿਲੇ ਅਧਿਕਾਰ, ਜਿਸ 'ਚ ਕਿਸੇ ਦੋਸ਼ੀ ਦੀ ਸਜ਼ਾ ਰੱਦ ਕਰਨ, ਘਟਾਉਣ ਜਾਂ ਰਿਹਾਅ ਕਰਨਾ ਆਦਿ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਜਾਵੇ, ਤਾਂ ਕਿ ਉਹ ਗੁਰਪੁਰਬ ਸਮਾਗਮਾਂ 'ਚ ਸ਼ਾਮਿਲ ਹੋ ਸਕਣ ਅਤੇ ਆਪਣੇ ਪਰਿਵਾਰ 'ਚ ਰਹਿ ਸਕਣ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਨੂੰ ਗੈਰ ਸੰਵਿਧਾਨਕ ਤੌਰ 'ਤੇ ਜੇਲ੍ਹਾਂ ਵਿੱਚ ਰੱਖ ਕੇ ਦੇਸ਼ ਦੀ ਸਰਕਾਰ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕਰਦੀ ਆ ਰਹੀ ਹੈ। ਸਿੱਖ ਕੈਦੀਆਂ ਦੀ ਰਿਹਾਈ ਵਰਗਾ ਠੋਸ ਕਦਮ ਨਿਸ਼ਚੇ ਹੀ ਸਿੱਖ ਕੌਮ ਦੀ ਦੇਸ਼ ਪ੍ਰਤੀ ਵਿਸ਼ਵਾਸ ਬਹਾਲੀ 'ਚ ਸਹਾਈ ਸਿੱਧ ਹੋਵੇਗਾ। ਮੰਗ ਪੱਤਰ ਦੀਆਂ ਕਾਪੀਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡੀ.ਸੀ. ਅੰਮ੍ਰਿਤਸਰ ਨੂੰ ਵੀ ਭੇਜੀਆਂ ਹਨ।

ਭੇਜੀ ਗਈ ਲਿਸਟ ਵਿੱਚ ਭਾਈ ਲਾਲ ਸਿੰਘ ਵਾਸੀ ਅਕਾਲਗੜ੍ਹ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਦਿਆ ਸਿੰਘ ਲਾਹੌਰੀਆ, ਲਖਵਿੰਦਰ ਸਿੰਘ ਲਖਾ ਵਾਸੀ ਕਨਸਾਲ, ਭਾਈ ਗੁਰਮੀਤ ਸਿੰਘ ਮੀਤਾ, ਭਾਈ ਸ਼ਮਸ਼ੇਰ ਸਿੰਘ ਉਕਾਸੀ ਜਟਾਂ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਸੁਬੇਗ ਸਿੰਘ ਸਰੂਨ, ਭਾਈ ਨੰਦ ਸਿੰਘ ਸਰੂਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾਈ ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਛਿੰਦਾ, ਭਾਈ ਸਤਨਾਮ ਸਿੰਘ ਅਰਕਪੁਰ ਖ਼ਾਲਸਾ, ਭਾਈ ਦਿਆਲ ਸਿੰਘ ਰਸੂਲਪੁਰ, ਭਾਈ ਸੁੱਚਾ ਸਿੰਘ ਰਸੂਲਪੁਰ ਅਤੇ ਭਾਈ ਬਲਬੀਰ ਸਿੰਘ ਬੀਰਾ, ਅਰਵਿੰਦਰ ਸਿੰਘ ਘੋਗਾ, ਸੁਰਜੀਤ ਸਿੰਘ ਲੱਕੀ ਅਤੇ ਰਣਜੀਤ ਸਿੰਘ ਹਰਿਆਣਾ ਸ਼ਾਮਿਲ ਹਨ।