ਫਸਲਾਂ ਦੀ ਰਹਿੰਦ ਖੂੰਹਦ ਸਾੜੇ ਬਗੈਰ ਫਸਲਾਂ ਦੀ ਕਾਸ਼ਤ ਕਰਕੇ ਵਾਤਾਵਰਨ ਸ਼ੁੱਧ ਰੱਖਣ ਦੇ ਨਾਲ-ਨਾਲ ਕਮਾਈ ਕਰ ਰਿਹਾ ਰਾਮੇਸ਼ ਸ਼ਰਮਾ

Last Updated: Sep 18 2019 12:06
Reading time: 3 mins, 53 secs

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਸੰਭਾਲ ਕੇ ਜਮੀਨ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਪਿੰਡ ਪੱਧਰੀ, ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਪਿੰਡ ਚੌਹਾਨਾਂ ਵਿੱਚ ਲਗਾਏ ਮੱਕੀ ਦੇ ਖੇਤ ਦਿਵਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ 13 ਅਜਿਹੇ ਕਿਸਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜੋ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਜਲਾਏ ਬਗੈਰ ਕਣਕ, ਝੋਨਾ ਅਤੇ ਮੱਕੀ ਦੀ ਕਾਸ਼ਤ ਕਰ ਰਹੇ ਹਨ। ਅਜਿਹਾ ਹੀ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੁੱਲਪੁਰ ਦੇ ਕਿਸਾਨ ਰਾਮੇਸ਼ ਕੁਮਾਰ ਪਿਛਲੇ ਦਸ ਸਾਲ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਕਣਕ, ਝੋਨਾ, ਕਮਾਦ, ਸਬਜ਼ੀਆਂ ਅਤੇ ਮੱਕੀ ਦੀ ਕਾਸ਼ਤ ਕਰਕੇ ਇਲਾਕੇ ਦੇ ਕਿਸਾਨਾਂ ਲਈ ਪ੍ਰੇਰਣਾਸਰੋਤ ਦਾ ਕੰਮ ਕਰ ਰਿਹਾ ਹੈ।

ਕਿਸਾਨ ਰਾਮੇਸ਼ ਕੁਮਾਰ ਦੀ ਕੁੱਲ ਮਾਲਕੀ ਸਾਢੇ 10 ਏਕੜ ਹੈ। ਰਾਮੇਸ਼ ਸ਼ਰਮਾ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਤੋਂ ਬਗੈਰ ਫਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਪਿੰਡ ਵਿੱਚ ਬਾਕੀ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਰਾਮੇਸ਼ ਕੁਮਾਰ ਨੇ ਖੇਤੀ ਵਿਭਿੰਨਤਾ ਨੂੰ ਅਪਨਾਉਂਦਿਆਂ ਆਪਣੇ ਫਾਰਮ ਤੇ ਸਾਉਣੀ ਸੀਜ਼ਨ ਦੌਰਾਨ 8 ਏਕੜ ਰਕੇ ਵਿੱਚ ਝੋਨਾ, ਮੱਕੀ ਇੱਕ ਏਕੜ, ਚਾਰਾ 6 ਕਨਾਲਾਂ, ਘਰੇਲੂ ਬਗੀਚੀ ਅੱਠ ਮਰਲੇ, ਸੁਗੰਧਿਤ ਫਸਲਾਂ 6 ਮਰਲੇ ਰਕਬੇ ਵਿੱਚ ਕਾਸ਼ਤ ਕਰਦਾ ਹੈ ਤਾਂ ਜੋ ਜ਼ਮੀਨ ਦੀ ਸਿਹਤ ਬਰਕਰਾਰ ਰੱਖੀ ਜਾ ਸਕੇ। ਇਸੇ ਤਰ੍ਹਾਂ ਹਾੜੀ ਦੌਰਾਨ 8 ਏਕੜ ਰਕਬੇ ਵਿੱਚ ਕਣਕ, ਇੱਕ ਏਕੜ ਵਿੱਚ ਸਰਸੋਂ, 2 ਕਨਾਲ ਵਿੱਚ ਛੋਲੇ, 2 ਕਨਾਲਾਂ ਵਿੱਚ ਅਲਸੀ ਅਤੇ ਤਾਰਾਮੀਰਾ ਅਤੇ 4 ਕਨਾਲ ਵਿੱਚ ਬਰਸੀਂ ਦੀ ਕਾਸ਼ਤ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਖਰੇਲੂ ਵਰਤੋਂ ਲਈ ਸਬਜ਼ੀਆਂ, ਫਸਲਾਂ, ਦਾਲਾਂ ਅਤੇ ਤੇਲ ਕਦੇ ਵੀ ਬਾਜ਼ਾਰ ਵਿੱਚੋਂ ਖਰੀਦ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਨੂੰ ਕਦੇ ਵੀ ਡਾਇਆ ਖਾਦ ਨਹੀਂ ਪਾਈ ਯੂਰੀਆ ਦੀ ਵਰਤੋਂ ਖੇਤੀਬਾੜੀ ਅਤੇ ਕਿਸਾਨ ਵਿਭਾਗ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਫਾਰਸ਼ਾਂ ਅਨੁਸਾਰ ਖਾਦਾਂ ਦੀ ਵਰਤੋਂ ਨਾਲ ਫਸਲਾਂ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਨਹੀਂ ਹੁੰਦਾ ਅਤੇ ਕੀਟਨਾਸ਼ਕਾਂ ਉੱਪਰ ਹੋਣ ਵਾਲਾ ਖਰਚਾ ਬਚ ਜਾਂਦਾ ਹੈ। ਰਾਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਨਾਉਣ ਉਪਰੰਤ 4-5 ਦਿਨਾਂ ਬਾਅਦ ਨਾੜ ਦੇ ਪੂਰੀ ਤਰ੍ਹਾਂ ਤੋਂ ਬਾਅਦ ਸੁਹਾਗੇ ਦੀ ਦੋਹਰ ਪਾ ਕੇ ਕਣਕ ਦੇ ਨਾੜ ਨੂੰ ਖੇਤ ਵਿੱਚ ਖਲਾਰ ਦਿੱਤਾ ਜਾਂਦਾ ਹੈ।

ਹੱਲਾਂ ਨਾਲ ਖੇਤ ਵਾਹ ਕੇ ਪਾਣੀ ਲਗਾ ਕੇ 15-20 ਕਿੱਲੋ ਯੂਰੀਆ ਖਾਦ ਪ੍ਰਤੀ ਏਕੜ ਦਾ ਸ਼ੱਟਾ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਕਣਕ ਦਾ ਨਾੜ ਖੇਤ ਵਿੱਚ ਗਲ ਜਾਂਦਾ ਹੈ। ਇਸ ਤਰ੍ਹਾਂ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਸੰਭਾਲਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਇਸ ਤਰ੍ਹਾਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਨਾਲ ਝੋਨੇ ਦੀ ਫਸਲ ਦਾ ਝਾੜ ਵੀ ਵਧੇਰੇ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਬਹੁਤੀ ਪਰਾਲੀ ਪਸ਼ੂ ਪਾਲਕਾਂ ਵੱਲੋਂ ਇਕੱਠੀ ਕਰ ਲਈ ਜਾਂਦੀ ਹੈ, ਜੋ ਬਰਸਾਤ ਦੇ ਮੌਸਮ ਦੌਰਾਨ ਚਾਰੇ ਦੇ ਤੌਰ ਤੇ ਵਰਤਦੇ ਹਨ। ਇਸ ਤਰ੍ਹਾਂ ਝੋਨੇ ਦੀ ਪਰਾਲੀ ਤੋਂ ਤਕਰੀਬਨ 30000/- ਰੁਪਏ ਮਿਲ ਜਾਂਦੇ ਹਨ ਜੋ ਕਣਕ ਦੀ ਬਿਜਾਈ ਲਈ ਖੇਤੀ ਸਮਗਰੀ ਖ਼ਰੀਦਣ ਦੇ ਕੰਮ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਗੁੱਲਪੁਰ ਵਿੱਚ ਕਿਸੇ ਵੀ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਂਦੀ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਵਿੱਚ ਗਲ ਜਾਂਦੀ ਹੈ ਅਤੇ ਟਿਲਰਾਂ ਨਾਲ ਦੋਹਰ ਪਾ ਕੇ ਕਣਕ ਦੀ ਬਿਜਾਈ ਬੀਜ ਡਰਿੱਲ ਨਾਲ ਕਰ ਦਿੱਤੀ ਜਾਂਦੀ ਹੈ।

ਰਾਮੇਸ਼ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ਸਾਹ ਲੈਣ 'ਚ ਤਕਲੀਫ, ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖਰਾਬੀ, ਹਲਕਾ ਬੁਖਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ 'ਚ ਨੁਕਸ, ਅੱਖਾਂ 'ਚ ਜਲਣ, ਚਮੜੀ ਤੇ ਖ਼ਰਾਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਅਤੇ ਸਮੁੱਚੀ ਟੀਮ ਵੱਲੋਂ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਜਾਗਰੂਕਤਾ ਬਹੁਤ ਵਧੀ ਹੈ। ਉਸਦੇ ਅਨੁਸਾਰ ਪਿਛਲੇ ਸਾਲ ਉਸਨੇ ਬੀਜ ਡਰਿੱਲ ਨਾਲ ਬੀਜੀ ਕਣਕ ਦੇ ਫਾਇਦਿਆਂ ਬਾਰੇ ਦੱਸਿਆ ਕਿ ਡਰਿੱਲ ਨਾਲ ਕਣਕ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਬੀਜੀ ਕਣਕ ਦੀ ਫਸਲ ਵਿੱਚੋਂ ਵਧੇਰੇ ਪੈਦਾਵਾਰ ਮਿਲਦੀ ਹੈ ਜਿਸ ਨਾਲ ਖੇਤੀ ਆਮਦਨ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ, ਸਿਖਲਾਈ ਕੈਂਪ, ਸੈਮੀਨਾਰ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ।